ਸਾਈਆਂ ਖੁਰਦ ’ਚ ਰੇਡ ਕਰਨ ਪੁੱਜੀ ਦਿੱਲੀ ਪੁਲਸ ਦੀ ਪਾੜੀ ਵਰਦੀ, 6 ’ਤੇ FIR ਦਰਜ
Thursday, Mar 04, 2021 - 12:58 AM (IST)
ਲੁਧਿਆਣਾ/ਡੇਹਲੋਂ, (ਰਿਸ਼ੀ, ਡਾ. ਪ੍ਰਦੀਪ)- ਰੇਪ ਅਤੇ ਕਿਡਨੈਪਿੰਗ ਦੇ ਕੇਸ ’ਚ ਪਿੰਡ ਸਾਈਆਂ ਖੁਰਦ ਵਿਚ ਰੇਡ ਕਰਨ ਗਈ ਦਿੱਲੀ ਪੁਲਸ ਦੀ ਵਰਦੀ ਪਾੜਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ 3 ਵਕੀਲਾਂ ਸਮੇਤ 6 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਸ ਦੀ ਤਲਾਕਸ਼ੁਦਾ ਪਤਨੀ ਕੁਲਦੀਪ ਕੌਰ, ਗੁਰਪ੍ਰੀਤ ਦੀ ਮਾਂ ਕਰਮਜੀਤ ਕੌਰ, ਇੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ, ਪਰਮਜੀਤ ਕੌਰ ਨਿਵਾਸੀ ਨੰਗਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ:- ਨਾਭਾ ਜੇਲ ਮੁੜ ਵਿਵਾਦਾਂ ’ਚ, ਹਵਾਲਾਤੀ ਨੇ ਲਾਈਵ ਹੋ ਅਣਮਨੁੱਖੀ ਤਸ਼ੱਦਦ ਕਰਨ ਦੇ ਲਾਏ ਗੰਭੀਰ ਦੋਸ਼
ਜਾਂਚ ਅਧਿਕਾਰੀ ਭੀਸ਼ਮ ਦੇਵ ਮੁਤਾਬਕ ਮੰਗਲਵਾਰ ਨੂੰ ਦਿੱਲੀ ਅਤੇ ਡੇਹਲੋਂ ਪੁਲਸ ਸਟੇਸ਼ਨ ਦੀ ਫੋਰਸ ਉਕਤ ਮੁਲਜ਼ਮਾਂ ਦੇ ਰੇਡ ਕਰਨ ਪੁੱਜੀ ਸੀ। ਦਿੱਲੀ ਪੁਲਸ ਮੁਤਾਬਕ ਗੁਰਪ੍ਰੀਤ ਅਤੇ ਕੁਲਦੀਪ ਕੌਰ ’ਤੇ ਫਰਵਰੀ ’ਚ ਦਿੱਲੀ ਵਿਚ ਰੇਪ, ਕਿਡਨੈਪਿੰਗ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ ਪਰ ਦਿੱਲੀ ਪੁਲਸ ਨੂੰ ਸਾਹਮਣੇ ਦੇਖ ਕੇ ਹੋਰਨਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ। ਇੰਨਾ ਹੀ ਨਹੀਂ, ਪੁਲਸ ਨਾਲ ਹੱਥੋਪਾਈ ਕਰਨ ਦੇ ਨਾਲ-ਨਾਲ ਗਾਲੀ ਗਲੋਚ ਕੀਤਾ।
ਪੁਲਸ ਮੁਤਾਬਕ ਉਨ੍ਹਾਂ ਨੂੰ ਗ੍ਰਿਫਤਾਰੀ ਲਈ ਘਰ ਦੇ ਅੰਦਰ ਤੱਕ ਨਹੀਂ ਜਾਣ ਦਿੱਤਾ ਅਤੇ ਮੁਲਜ਼ਮਾਂ ਨੇ ਫੋਨ ਕਰ ਕੇ 3 ਵਕੀਲਾਂ ਨੂੰ ਮੌਕੇ ’ਤੇ ਬਲਾਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਪੁਲਸ ਦਾ ਦੋਸ਼ ਹੈ ਕਿ ਗੁਰਪ੍ਰੀਤ ਨੂੰ ਪੁਲਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਜ਼ਹਿਰੀਲਾ ਪਦਾਰਥ ਨਿਗਲਣ ਲਈ ਉਕਸਾਇਆ ਗਿਆ। ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਗੁਰਪ੍ਰੀਤ ਨੇ ਮੱਛਰ ਮਾਰਨ ਵਾਲੀ ਦਵਾਈ ਨਿਗਲ ਲਈ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ:- ਕੈਪਟਨ ਲੋਕਾਂ ਨਾਲ ਪੁਰਾਣੇ ਬਿਜਲੀ ਸਮਝੌਤੇ ਰੱਦ ਕਰਨ ਦਾ ਵਾਅਦਾ ਕਰ ਕੇ ਮੁਕਰੇ : ਚੀਮਾ
ਫੇਸਬੁਕ ’ਤੇ ਦੋਸਤੀ ਤੋਂ ਬਾਅਦ ਵਧਾਈ ਜਾਣ-ਪਛਾਣ, ਬਾਅਦ ਵਿਚ ਬੰਦੀ ਬਣਾ ਕੇ ਕਰਦਾ ਰਿਹਾ ਰੇਪ
ਪੁਲਸ ਮੁਤਾਬਕ ਪੀੜਤਾ ਦੀ ਮੁਲਜ਼ਮ ਗੁਰਪ੍ਰੀਤ ਸਿੰਘ ਨਾਲ ਫੇਸਬੁਕ ’ਤੇ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਜਾਣ ਪਛਾਣ ਵਧ ਗਈ ਅਤੇ ਮੁਲਜ਼ਮ ਲੜਕੀ ਨੂੰ ਧੋਖੇ ਨਾਲ ਆਪਣੇ ਨਾਲ ਲੁਧਿਆਣਾ ਲੈ ਆਇਆ ਅਤੇ ਇਥੇ ਕਾਫੀ ਸਮੇਂ ਲਈ ਇਕ ਕਿਰਾਏ ਦੇ ਫਲੈਟ ਵਿਚ ਬੰਦੀ ਬਣਾ ਕੇ ਉਸ ਨਾਲ ਰੇਪ ਕਰਦਾ ਰਿਹਾ ਅਤੇ ਬਾਅਦ ਵਿਚ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ। ਇਕ ਦਿਨ ਪੀੜਤਾ ਦੇ ਹੱਥ ਮੋਬਾਇਲ ਫੋਨ ਲੱਗ ਗਿਆ, ਜਿਸ ਤੋਂ ਬਾਅਦ ਬਾਥਰੂਮ ਜਾਣ ਦੇ ਬਹਾਨੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਲੀ ਵਿਚ ਘਰ ਦੀ ਲੋਕੇਸ਼ਨ ਭੇਜੀ, ਫਿਰ ਪੁਲਸ ਨੇ ਰੇਡ ਕਰ ਕੇ ਪੀੜਤਾ ਨੂੰ ਮੁਲਜ਼ਮ ਦੀ ਚੁੰਗਲ ’ਚੋਂ ਛੁਡਾਇਆ, ਜਿਸ ਤੋਂ ਬਾਅਦ ਜਦੋਂ ਪੁਲਸ ਉਕਤ ਮੁਲਜ਼ਮਾਂ ਨੂੰ ਫੜਨ ਪੁੱਜੀ ਤਾਂ ਉਕਤ ਮੁਲਜ਼ਮਾਂ ਨੇ ਪੁਲਸ ਨਾਲ ਹੱਥੋਪਾਈ ਕੀਤੀ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਦੀਪ ਕੌਰ ਗੁਰਪ੍ਰੀਤ ਦੀ ਪਤਨੀ ਹੈ ਪਰ ਉਸ ਨੂੰ ਤਲਾਕ ਦਿੱਤਾ ਹੋਇਆ ਹੈ ਪਰ ਪੀੜਤਾ ਨੇ ਦੱਸਿਆ ਕਿ ਬੰਦੀ ਬਣਾ ਕੇ ਰੱਖੇ ਜਾਣ ਸਮੇਂ ਕੁਲਦੀਪ ਹੀ ਉਸ ਨੂੰ ਹਰ ਸਮੇਂ ਖਾਣਾ ਦੇਣ ਆਉਂਦੀ ਸੀ।
ਇਹ ਵੀ ਪੜ੍ਹੋ:- ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 778 ਨਵੇਂ ਮਾਮਲੇ ਆਏ ਸਾਹਮਣੇ, 12 ਦੀ ਮੌਤ