ਦਿੱਲੀ ਜੰਤਰ-ਮੰਤਰ ਧਰਨੇ ''ਤੇ ਬੈਠੇ ਐੱਮ. ਪੀ. ਗੁਰਜੀਤ ਔਜਲਾ ਕੋਰੋਨਾ ਪਾਜ਼ੇਟਿਵ
Tuesday, Dec 22, 2020 - 09:12 PM (IST)
ਚੰਡੀਗਡ਼੍ਹ, (ਟੱਕਰ)- ਖੇਤੀਬਾਡ਼ੀ ਆਰਡੀਨੈਂਸ ਰੱਦ ਕਰਵਾਉਣ ਲਈ ਦਿੱਲੀ ਜੰਤਰ-ਮੰਤਰ ਧਰਨੇ ’ਤੇ ਬੈਠੇ ਪੰਜਾਬ ਦੇ ਐੱਮ.ਪੀ. ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ ਜਿਸ ਦੀ ਪੁਸ਼ਟੀ ਉਨ੍ਹਾਂ ਨਾਲ ਧਰਨੇ ’ਤੇ ਬੈਠੇ ਲੁਧਿਆਣਾ ਦੇ ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਕੀਤੀ। ਐੱਮ.ਪੀ. ਬਿੱਟੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਥੀ ਗੁਰਜੀਤ ਸਿੰਘ ਔਜਲਾ ਨੂੰ ਪਿਛਲੇ 2 ਦਿਨਾਂ ਤੋਂ ਤੇਜ਼ ਬੁਖਾਰ ਆ ਰਿਹਾ ਸੀ ਅਤੇ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਸਦੀ ਰਿਪੋਰਟ ਪਾਜ਼ੇਟਿਵ ਆ ਗਈ ਜਿਸ ਕਾਰਣ ਉਹ ਹੁਣ ਇਲਾਜ ਲਈ ਏਕਾਂਤਵਾਸ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਗੁਰਦਾਸਪੁਰ 'ਚੋਂ ਏ.ਕੇ.-47 ਤੇ ਜ਼ਿੰਦਾ ਕਾਰਤੂਸ ਕੀਤੇ ਬਰਾਮਦ : ਦਿਨਕਰ ਗੁਪਤਾ
ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਸ ਵਲੋਂ ਕਿਸਾਨਾਂ ਨੂੰ ਵਰਗਲਾਉਣ ਲਈ 25 ਦਸੰਬਰ ਤੱਕ 2 ਹਜ਼ਾਰ ਰੁਪਏ ਬੈਂਕ ਖਾਤਿਆਂ ’ਚ ਪਾਏ ਜਾਣ ਦਾ ਜੋ ਐਲਾਨ ਕੀਤਾ ਹੈ ਉਸਦਾ ਕਿਸਾਨ ਮੁਕੰਮਲ ਬਾਈਕਾਟ ਕਰਨ ਕਿਉਂਕਿ ਇਹ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਵਿਰੋਧੀ ਹੈ। ਐੱਮ.ਪੀ. ਬਿੱਟੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਦਾ ਘਿਰਾਓ ਕਰੀ ਬੈਠੇ ਹਜ਼ਾਰਾਂ ਹੀ ਕਿਸਾਨ ਦਿਖਾਈ ਨਹੀਂ ਦੇ ਰਹੇ ਜਿਸ ਦੇ ਰੋਸ ਵਜੋਂ ਉਹ ਕੱਲ੍ਹ ਅੱਖਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਜੰਤਰ-ਮੰਤਰ ਵਿਖੇ ਧਰਨਾ ਦੇਣਗੇ ਤਾਂ ਜੋ ਲੋਕਾਂ ਨੂੰ ਸੁਨੇਹਾ ਜਾ ਸਕੇ ਕਿ ਕੇਂਦਰ ਸਰਕਾਰ ਅੰਨ੍ਹੀ ਤੇ ਬੋਲੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਡ਼ੀ ਸ਼ਰਮਨਾਕ ਗੱਲ ਹੈ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦਾ ਸਮਰਥਨ ਕਰ ਰਹੇ ਆਡ਼੍ਹਤੀਆਂ ’ਤੇ ਰੰਜਿਸ਼ ਕਾਰਣ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਕਰਵਾਈ ਜਾ ਰਹੀ ਹੈ ਪਰ ਅਜਿਹੀਆਂ ਘਟੀਆ ਹਰਕਤਾਂ ਨਾਲ ਇਹ ਅੰਦੋਲਨ ਰੁਕਣ ਵਾਲਾ ਨਹੀਂ ਬਲਕਿ ਹੋਰ ਤੇਜ਼ ਹੋਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਨਾ ਕਰੇ : ਕੈਪਟਨ
ਐੱਮ.ਪੀ. ਬਿੱਟੂ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਭਾਜਪਾ ਆਗੂਆਂ ਨੂੰ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ, ਲੋਕ ਕਿਸਾਨਾਂ ਦੇ ਹੱਕ ’ਚ ਇਨ੍ਹਾਂ ਆਗੂਆਂ ਦਾ ਘਿਰਾਓ ਕਰ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਹਰਿਆਣਾ ਦੇ ਮੁੱਖ ਮੰਤਰੀ ਤੇ ਇਸ ਦੇ ਆਗੂ ਲੋਕਾਂ ਤੋਂ ਬਡ਼ੀ ਮੁਸ਼ਕਿਲ ਨਾਲ ਬਚ ਕੇ ਨਿਕਲੇ। ਐੱਮ.ਪੀ. ਬਿੱਟੂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਜੇਕਰ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਆਉਣ ਵਾਲਾ ਸਮਾਂ ਹੋਰ ਵੀ ਸੰਘਰਸ਼ਮਈ ਹੋ ਸਕਦਾ ਜਿਸ ਲਈ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।