ਅਸੀਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਨਮਾਨਿਤ ਕਰਨ ਵਾਲਿਆਂ ਨਾਲ ਸਾਂਝ ਪਾਉਣ ਤੋਂ ਨਾਂਹ ਕੀਤੀ: ਕਾਲਕਾ

07/17/2022 10:19:27 AM

ਨਵੀਂ ਦਿੱਲੀ/ਜਲੰਧਰ (ਚਾਵਲਾ)– ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਦਾ ਚੋਣ ਨਿਸ਼ਾਨ ‘ਟੋਕਰੀ’ ਜਾਰੀ ਕਰਨ ਵਾਸਤੇ ਪ੍ਰਭਾਵਸ਼ਾਲੀ ਸਮਾਗਮ ਇਥੇ ਤਾਲਕਟੋਰਾ ਸਟੇਡੀਅਮ ਵਿਚ ਕੀਤਾ ਗਿਆ, ਜਿਸ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਦਿੱਲੀ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਿਚ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 30 ਜਿੱਤੇ ਹੋਏ ਮੈਂਬਰਾਂ ਨੂੰ ਹੁਕਮ ਸੁਣਾਇਆ ਗਿਆ ਸੀ ਕਿ ਤੁਸੀਂ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀਕੇ ਨਾਲ ਸਾਂਝ ਪਾਉ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਖ਼ੁਦ ਪਾਰਟੀ ਨੇ ਗੋਲਕ ਚੋਰੀ ਦੇ ਦੋਸ਼ਾਂ ਵਿਚ ਕੱਢਿਆ, ਉਨ੍ਹਾਂ ਨਾਲ ਅਸੀ ਕਿਵੇਂ ਸਾਂਝ ਪਾ ਸਕਦੇ ਹਾਂ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਕੱਖ ਨਹੀਂ ਕੀਤਾ। ਦਿੱਲੀ ਕਮੇਟੀ ਆਪਣੇ ਵਾਅਦੇ ਪੂਰੇ ਕਰਨ ਵਾਸਤੇ ਵਚਨਬੱਧ ਹਾਂ।

ਇਹ ਵੀ ਪੜ੍ਹੋ: ਭੈਣ ਨੂੰ ਛੱਡ ਕੇ ਘਰ ਵਾਪਸ ਜਾ ਰਹੇ ਭਰਾ ਨਾਲ ਵਾਪਰੇ ਭਾਣੇ ਨੇ ਘਰ 'ਚ ਪੁਆਏ ਵੈਣ

PunjabKesari

ਇਸ ਮੌਕੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ਨਾਲ ਅੱਜ ਗਲਵਕੜੀਆਂ ਪਾਈਆਂ ਜਾ ਰਹੀਆਂ ਹਨ। ਅੱਜ ਪਰਿਵਾਰ ਨੂੰ ਅੱਗੇ ਰੱਖ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪੁਰਾਤਨ ਰਵਾਇਤਾਂ ਮੁਤਾਬਕ ਅੱਗੇ ਹੋ ਕੇ ਕੰਮ ਕਰੇਗਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਵਾਇਆ ਜਾ ਸਕਿਆ। ਹੁਣ ਅਕਾਲੀ ਦਲ ਦਿੱਲੀ ਸਟੇਟ ਯਤਨ ਕਰ ਰਿਹਾ ਹੈ ਤੇ ਪੂਰਨ ਉਮੀਦ ਹੈ ਕਿ ਬੰਦੀ ਸਿੰਘ ਜਲਦੀ ਰਿਹਾਅ ਹੋਣਗੇ।

ਇਹ ਵੀ ਪੜ੍ਹੋ: ਜਲੰਧਰ ਵਿਖੇ STF ਵੱਲੋਂ ਮਾਰੇ ਛਾਪੇ ਦੌਰਾਨ ਮਕਾਨ ਮਾਲਕ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲਾਂ ’ਤੇ ਵਰ੍ਹਦਿਆਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਡਰਾਮਾ ਕਰ ਰਹੇ ਹਨ। ਭਾਰਤ ਵਿਚ ਸਿੱਖ ਵਿਦਿਆਰਥੀ ਸਭ ਤੋਂ ਘੱਟ ਵਿਗਿਆਨ ਤੇ ਅੰਕੜਾ ਵਿਗਿਆਨ ਪੜ੍ਹਦੇ ਹਨ, ਜਿਸ ਕਾਰਨ ਸਿੱਖਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਕੋਰੋਨਾ ਤੋਂ ਵੀ ਘਾਤਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ 514 ਨੌਜਵਾਨ ਦਿੱਲੀ ਪੁਲਸ ਵਿਚ ਭਰਤੀ ਕਰਵਾਏ ਹਨ। ਇਸ ਮੌਕੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਪੰਥ ਨੇ ਹੋਂਦ ਵਿਚ ਲਿਆਂਦੀ ਸੀ। ਅੱਜ ਦਿੱਲੀ ਕਮੇਟੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ ਤੇ ਭੁਪਿੰਦਰ ਸਿੰਘ ਭੁੱਲਰ ਸਮੇਤ ਹੋਰਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਦੀ ਚੋਣਾਂ ਵਿਚ ਹਾਰ ਹੋਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣ ਵਾਸਤੇ ਕਿਹਾ ਸੀ ਪਰ ਉਹ ਨਹੀਂ ਮੰਨੇ। ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News