ਕੀ ਦਿੱਲੀ ''ਚ ਅਕਾਲੀ ਦਲ ਕੀ ਵਧਾ ਸਕੇਗਾ ਸੀਟਾਂ ਦਾ ਕੋਟਾ ਜਾਂ 4 ਸੀਟਾਂ ''ਤੇ ਹੀ ਸਿਮਟੇਗੀ ਪਾਰਟੀ?

01/07/2020 3:29:57 PM

ਜਲੰਧਰ (ਬੁਲੰਦ) : ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ 'ਚ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਨਾਲ ਗੱਠਜੋੜ ਲਈ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਾਰਟੀ ਚਾਹੁੰਦੀ ਹੈ ਕਿ ਦਿੱਲੀ 'ਚ ਗੱਠਜੋੜ ਲਈ ਉਹ ਭਾਜਪਾ ਕੋਲੋਂ 4 ਦੀ ਬਜਾਏ 8 ਸੀਟਾਂ ਦੀ ਮੰਗ ਕਰੇਗੀ।ਜਾਣਕਾਰਾਂ ਅਨੁਸਾਰ ਪਾਰਟੀ ਦੇ ਦਿੱਲੀ ਇਕਾਈ ਦੇ ਆਗੂਆਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਆ ਰਿਹਾ ਹੈ, ਵਲੋਂ ਪਾਰਟੀ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਦਿੱਲੀ 'ਚ ਮਜ਼ਬੂਤ ਕਦਮਾਂ ਲਈ ਜ਼ਰੂਰੀ ਹੈ ਕਿ ਸੀਟਾਂ ਦੀ ਗਿਣਤੀ ਵਧਾਈ ਜਾਵੇ। ਇਸ ਲਈ ਪਿਛਲੀ ਵਾਰ ਦੇ ਮੁਕਾਬਲੇ ਦੁੱਗਣੀਆਂ ਸੀਟਾਂ ਭਾਜਪਾ ਕੋਲੋਂ ਮੰਗਣ ਦੀ ਤਿਆਰੀ 'ਚ ਅਕਾਲੀ ਦਲ ਲੱਗ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੀ ਵਾਰ ਅਕਾਲੀ ਦਲ ਵਲੋਂ ਦਿੱਲੀ 'ਚ ਭਾਜਪਾ ਨਾਲ ਗੱਠਜੋੜ ਕਰ ਕੇ 4 ਸੀਟਾਂ 'ਤੇ ਹੀ ਚੋਣ ਲੜੀ ਗਈ ਸੀ।

ਪਰ ਇਨ੍ਹਾਂ 4 ਸੀਟਾਂ 'ਚੋਂ ਸਿਰਫ ਇਕ ਸੀਟ 'ਤੇ ਹੀ ਅਕਾਲੀ ਦਲ ਜਿੱਤ ਦਰਜ ਕਰ ਸਕਿਆ ਸੀ। ਇਹ ਸੀਟ ਰਾਜੌਰੀ ਗਾਰਡਨ ਦੀ ਸੀਟ ਸੀ, ਜਿੱਥੇ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਦਰਜ ਕੀਤੀ ਸੀ। ਬਾਕੀ ਤਿੰਨਾਂ ਸੀਟਾਂ ਕਾਲਕਾਜੀ, ਸ਼ਾਹਦਰਾ ਅਤੇ ਹਰੀਨਗਰ 'ਚ ਅਕਾਲੀ ਦਲ ਦੀ ਹਾਰ ਹੋਈ ਸੀ। ਇਸ ਦੇ ਬਾਵਜੂਦ ਅਕਾਲੀ ਦਲ ਦਿੱਲੀ 'ਚ ਆਪਣੀਆਂ ਸੀਟਾਂ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੈ। ਦੂਜੇ ਪਾਸੇ ਭਾਜਪਾ ਦੇ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਨੂੰ ਕੋਈ ਹੋਰ ਸੀਟ ਨਹੀਂ ਦਿੱਤੀ ਜਾਵੇਗੀ ਕਿਉਂਕਿ ਅਕਾਲੀ ਦਲ ਦਾ ਪ੍ਰਦਰਸ਼ਨ ਪਿਛਲੀਆਂ ਚੋਣਾਂ ਵਿਚ ਕੋਈ ਖਾਸ ਨਹੀਂ ਰਿਹਾ ਸੀ। ਭਾਜਪਾ ਦੇ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਨੂੰ ਇਸ ਵਾਰ ਵੀ 4 ਸੀਟਾਂ ਹੀ ਦਿੱਤੀਆਂ ਜਾਣਗੀਆਂ ਤੇ ਜੇਕਰ ਅਕਾਲੀ ਦਲ ਵਲੋਂ ਜ਼ਿਦ ਕੀਤੀ ਗਈ ਤਾਂ ਉਸ ਨਾਲੋਂ ਗੱਠਜੋੜ ਤੋੜਿਆ ਵੀ ਜਾ ਸਕਦਾ ਹੈ।


Anuradha

Content Editor

Related News