ਕਣਕ ਦੀ ਵਾਢੀ ਅਤੇ ਮੰਡੀਕਰਨ ਵਿਚ ਦੇਰੀ ਦੀ ਵਜ੍ਹਾ: ਕੋਰੋਨਾ ਅਤੇ ਮੀਂਹ
Sunday, Apr 26, 2020 - 09:11 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ)- ਜਿੱਥੇ ਕੋਰੋਨਾ ਕਾਰਨ ਕਿਸਾਨਾਂ ਨੂੰ ਕਣਕ ਦੀ ਵਾਢੀ ਅਤੇ ਮੰਡੀਕਰਨ ਕਰਨਾ ਚੁਣੌਤੀ ਬਣਿਆ ਹੋਇਆ ਹੈ ਉੱਥੇ ਹੀ ਮੀਂਹ ਵੀ ਕਿਸਾਨਾਂ ਦਾ ਵੈਰੀ ਬਣ ਗਿਆ ਹੈ । ਚੱਸ ਰਿਹਾ ਇਹ ਸਮਾਂ ਕਿਸਾਨਾਂ ਲਈ ਆਰਥਿਕ ਅਤੇ ਮਾਨਸਿਕ ਤੌਰ ’ਤੇ ਬੋਝ ਬਣਿਆ ਹੋਇਆ ਹੈ । ਕੋਰੋਨਾ ਕਾਰਨ ਪਹਿਲਾਂ ਹੀ ਮੰਡੀਕਰਨ ਦਾ ਸਮਾਂ ਵਧਾ ਕੇ 45 ਦਿਨ ਤੱਕ ਕਰ ਦਿੱਤਾ ਹੈ। ਖੇਤਾਂ ਵਿਚ ਕਣਕ ਦੀ ਵਾਢੀ ਅਤੇ ਮੰਡੀ ਵਿਚ ਕਣਕ ਦੀ ਵਿਕਰੀ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਮੱਧਮ ਰਫ਼ਤਾਰ ਨਾਲ ਚੱਲ ਰਹੀ ਹੈ।
ਪਿਛਲੇ ਦਿਨੀਂ ਕਈ ਇਲਾਕਿਆਂ ਵਿਚ ਭਾਰੀ ਮੀਂਹ ਤੇਜ਼ ਹਵਾ ਅਤੇ ਗੜ੍ਹਿਆਂ ਨਾਲ ਖੇਤਾਂ ਵਿਚ ਖੜ੍ਹੀ ਅਤੇ ਮੰਡੀਆਂ ਵਿਚ ਪਈ ਕਣਕ ਉੱਤੇ ਬਹੁਤ ਮਾੜਾ ਅਸਰ ਪਿਆ। ਖੇਤਾਂ ਵਿਚ ਖੜ੍ਹੀ ਕਣਕ ਡਿੱਗਣ ਕਰਕੇ ਝਾੜ ਅਤੇ ਮੰਡੀਆਂ ਵਿਚ ਪਈ ਕਣਕ ਨਮੀਂ ਦੀ ਮਾਤਰਾ ਵਧਣ ਕਰਕੇ ਕਿਸਾਨਾਂ ਨੂੰ ਬਹੁਤ ਘਾਟਾ ਪੈ ਰਿਹਾ ਹੈ ।
ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਖਰੀਦ (ਲੱਖ ਟਨ)
ਅੱਜ ਦੀ ਆਮਦ | 6.51 |
ਅੱਜ ਦੀ ਖਰੀਦ | 6.71 |
ਹੁਣ ਤੱਕ ਕੁੱਲ ਆਮਦ | 43.18 |
ਹੁਣ ਤੱਕ ਕੁੱਲ ਖਰੀਦ | 40.94 |
ਖਰੀਦ ਬਕਾਇਆ | 2.24 |
ਚਕਾਈ ਬਕਾਇਆ | 21.62 |
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ 27 ਅਪ੍ਰੈਲ ਤੱਕ ਪੰਜਾਬ ਵਿਚ ਕੁਝ ਥਾਵਾਂ ਉੱਤੇ ਮੀਂਹ ਅਤੇ ਹਵਾ ਦਾ ਅਨੁਮਾਨ ਹੈ। ਇਸ ਲਈ ਇਨ੍ਹਾਂ ਦਿਨਾਂ ਵਿਚ ਵੀ ਕਣਕ ਦੀ ਵਾਢੀ ਅਤੇ ਮੰਡੀਕਰਨ ਦੀ ਪ੍ਰਕਿਰਿਆ ਨੂੰ ਠੱਲ੍ਹ ਪਵੇਗੀ ।
ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਫ਼ਤਹਿਗੜ੍ਹ ਜ਼ਿਲ੍ਹੇ ਦੇ ਪਿੰਡ ਲਥੇੜੀ ਦੇ ਕਿਸਾਨ ਮਨਪ੍ਰੀਤ ਸਿੰਘ ਕਣਕ ਕੱਢਣ ਵਾਲਾ ਹੜੰਬਾ ਕਿਰਾਏ ’ਤੇ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਜਿਹਾ ਮੀਂਹ ਆਉਣ ’ਤੇ ਵੀ ਲਾਂਘਾ ਗਿੱਲਾ ਹੋ ਜਾਂਦਾ ਹੈ, ਜਿਸ ਨੂੰ ਹੜੰਬੇ ਨਾਲ ਕੱਢਣਾ ਮੁਸ਼ਕਲ ਵੀ ਹੁੰਦਾ ਹੈ ਅਤੇ ਕਣਕ ਦੇ ਦਾਣੇ ਵੀ ਚੰਗੀ ਤਰ੍ਹਾਂ ਨਹੀਂ ਨਿਕਲਦੇ। ਇਸ ਲਈ ਲਾਂਘੇ ਨੂੰ ਸੁੱਕਣ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ ।
ਆੜ੍ਹਤੀਆਂ ਦਾ ਇਸ ਬਾਰੇ ਕਹਿਣਾ ਹੈ ਕਿ ਮੀਂਹ ਦੌਰਾਨ ਕਣਕ ਝਾਰਨ ਵਾਲੀ ਮਸ਼ੀਨ ਨੂੰ ਬੰਦ ਕਰਨਾ ਪੈਂਦਾ ਹੈ, ਕਿਉਂਕਿ ਮੀਂਹ ਨਾਲ ਗਿੱਲੀ ਹੋਈ ਕਣਕ ਨੂੰ ਝਾਰ ਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕਣਕ ਦੇ ਸੁੱਕਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ।
ਖਰੀਦ ਏਜੰਸੀਆਂ |
ਹੁਣ ਤੱਕ ਕਣਕ ਦੀ ਕੁੱਲ ਖਰੀਦ (ਟਨਾਂ ਵਿਚ) |
ਪਨਗ੍ਰੇਨ |
1201866 |
ਐੱਫ ਸੀ ਆਈ |
370549 |
ਮਾਰਕਫੈੱਡ |
1001913 |
ਪਨਸਪ |
911181 |
ਵੇਅਰਹਾਊਸ |
598979 |
ਪ੍ਰਾਈਵੇਟ ਖਰੀਦ |
9555 |