ਕਿਸਾਨਾਂ ਦੇ ਹੱਕ ''ਚ ਮੁੜ ਡਟੇ ਦੀਪ ਸਿੱਧੂ, ਬਣਾਈ ਹੁਣ ਨਵੀਂ ਰਣਨੀਤੀ
Friday, May 21, 2021 - 02:21 PM (IST)
ਚੰਡੀਗੜ੍ਹ : ਕਿਸਾਨ ਅੰਦੋਲਨ 'ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਵੀ ਸ਼ੁਰੂ ਤੋਂ ਡਟੇ ਹੋਏ ਹਨ। ਹਾਲਂਕਿ ਉਨ੍ਹਾਂ ਦੇ ਮਨਸੂਬਿਆਂ 'ਤੇ ਕਈ ਵਾਰ ਸ਼ੱਕ ਜਤਾਇਆ ਜਾਂਦਾ ਰਿਹਾ ਅਤੇ ਕੁਝ ਉਨ੍ਹਾਂ ਨਾਲ ਡਟ ਕੇ ਖੜ੍ਹੇ ਰਹੇ। 26 ਜਨਵਰੀ ਨੂੰ ਹੋਈ 'ਲਾਲ ਕਿਲੇ' 'ਤੇ ਹਿੰਸਾ ਮਗਰੋਂ ਦੀਪ ਸਿੱਧੂ ਦਾ ਅਕਸ ਹੋਰ ਧੁੰਦਲਾ ਹੋ ਗਿਆ। ਇਹ ਸਵਾਲ ਜ਼ਿਹਨ 'ਚ ਆਉਣੇ ਸ਼ੁਰੂ ਹੋਏ ਕਿ ਦੀਪ ਸਿੱਧੂ ਕਿਸਾਨਾਂ ਦੇ ਹੱਕ 'ਚ ਹੈ ਜਾਂ ਅੰਦਰਖਾਤੇ ਸਰਕਾਰ ਨਾਲ ਰਲਿਆ ਹੋਇਆ ਹੈ।
ਇਸ ਸਭ ਦਰਮਿਆਨ ਹੁਣ ਦੀਪ ਸਿੱਧੂ ਇਕ ਵਾਰ ਤੋਂ ਸਰਗਰਮ ਹੈ। ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ 'ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਹੇਠ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਹੈ ਕਿ ''ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਅਤੇ ਕਾਲੇ ਕਾਨੂੰਨਾਂ ਦੇ ਨਾਲ-ਨਾਲ ਖੇਤੀ ਦੇ ਬਦਲਵੇਂ ਮਾਡਲ ਲਈ ਖੁੰਢ ਚਰਚਾਵਾਂ ਕਰਦੇ ਹਾਂ.. ਆਓ ਮਿਲਦੇ ਹਾਂ।''
ਦੱਸ ਦਈਏ ਕਿ ਦੀਪ ਸਿੱਧੂ ਇਸ ਪੋਸਟ ਮੁਤਾਬਕ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਅੱਜ 21 ਮਈ ਨੂੰ ਇਕ ਵਜੇ ਤੋਂ ਸ਼ਾਮ 4 ਵਜੇ ਤਕ ਖੁੰਢ ਚਰਚਾ ਦਾ ਸਮਾਂ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਜੱਸ ਬਾਜਵਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ 'ਚ ਜੁਟੇ ਹੋਏ ਹਨ। ਜੱਸ ਬਾਜਵਾ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਜੱਸ ਬਾਜਵਾ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਜੱਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ 'ਹੋਕਾ ਮੁਹਿੰਮ' ਬੱਲੋ ਮਾਜਰਾ ਤੋਂ ਪੂਰੇ ਪੰਜਾਬ 'ਚ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਪਿੰਡਾਂ 'ਚ ਹੋਰ ਮਜਬੂਤ ਕਰਨ ਲਈ ਪਿੰਡ-ਪਿੰਡ ਹੋਕਾ ਦਿੱਤਾ ਜਾ ਰਿਹਾ ਤਾਂ ਕਿ ਲੋਕ ਫ਼ਿਰ ਹੁੰਮ ਹੁੰਮਾਂ ਕੇ ਦਿੱਲੀ ਪਹੁੰਚਣ ਤਾਂ ਕਿ ਕਿਸਾਨੀ ਅੰਦੋਲਨ ਜਾਰੀ ਰਹੇ ਅਤੇ ਸਰਕਾਰ ਸਾਡੇ ਹੱਕਾਂ ਬਾਰੇ ਸੋਚੇ। ਉਨ੍ਹਾਂ ਨੇ ਆਪਣੇ ਸਾਥੀ ਗਾਇਕ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਫਿਰ ਤੋਂ ਆਪਾ ਬਾਹਰ ਨਿਕਲੀਏ ਤੇ ਆਪਣੇ ਧਰਨੇ ਦਾ ਸਮਰਥਨ ਕਰੀਏ।
ਦੱਸ ਦਈਏ ਕਿ ਜੱਸ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਜੱਸ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਕਿਸਾਨੀ ਅੰਦੋਲਨ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਜੱਸ ਬਾਜਵਾ ਇੰਸਟਾਗ੍ਰਾਮ 'ਤੇ ਹਮੇਸ਼ਾ ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦੇ ਹਨ।