ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਫੈਸਲਾ
Saturday, Aug 18, 2018 - 01:24 AM (IST)

ਬਹਿਰਾਮਪੁਰ, (ਗੋਰਾਇਆ)- ਗੰਨਾ ਉਤਪਾਦਕ ਕਿਸਾਨ ਸੰਘਰਸ਼ ਕਮੇਟੀ ਵੱਲੋਂ 21 ਅਗਸਤ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਦੇ ਤੌਰ ’ਤੇ ਸਰਹੱਦੀ ਪਿੰਡ ਉਗਰਾ ’ਚ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਸਤਬੀਰ ਸਿੰਘ ਸੁਲਤਾਨੀ ਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਹਾ ਕਿ ਸਹਿਕਾਰੀ ਤੇ ਨਿੱਜੀ ਖੰਡ ਮਿੱਲ ਗੰਨਾ ਉਤਪਾਦਕਾਂ ਦੀ ਕਰੋਡ਼ਾਂ ਰੁਪਏ ਦੀ ਰਾਸ਼ੀ ਦਬ ਕੇ ਬੈਠੀ ਹੈ ਤੇ ਖੰਡ ਮਿੱਲਾਂ ਵੱਲੋਂ ਵੱਖ-ਵੱਖ ਬਹਾਨਿਆਂ ’ਤੇ ਭਰੋਸਿਆਂ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਜਿਥੇ ਕਿਸਾਨ ਆਪਣੀ ਜ਼ਰੂਰੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪ੍ਰੇਸ਼ਾਨ ਹਨ ਉਥੇ ਉਨ੍ਹਾਂ ਵੱਲੋਂ ਬੈਂਕਾਂ ਦੀ ਦੇਣਦਾਰੀਆਂ ਨਾ ਦੇਣ ਕਾਰਨ ਉਨ੍ਹਾਂ ਦੇ ਸਿਰ ’ਤੇ ਕਰਜ਼ ਦਿਨ-ਪ੍ਰਤੀ-ਦਿਨ ਵੱਧ ਰਿਹਾ ਹੈ। ਸਰਕਾਰ ਵੱਲੋਂ ਖੰਡ ਮਿੱਲਾਂ ਦਾ ਵਿਸਤਾਰ ਤੇ ਨਵੀਨੀਕਰਨ ਨਾ ਕਰਨ ਕਾਰਨ ਮਜ਼ਬੂਰੀ ਵੱਸ ਗੰਨਾ ਉਤਪਾਦਕਾਂ ਨੂੰ ਦੂਰ-ਦੁਰਾਂਡੇ ਮਹਿੰਗੇ ਕਿਰਾਏ ’ਤੇ ਨਿੱਜੀ ਖੰਡ ਮਿੱਲਾਂ ’ਚ ਗੰਨਾ ਲੈ ਜਾਣਾ ਪੈਂਦਾ ਹੈ।
ਕਿਸਾਨ ਨੇਤਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀ ਤੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦਾ ਖਡ਼੍ਹਾ ਬਕਾਇਆ ਵਿਆਜ ਸਮੇਤ ਤੁਰੰਤ ਦੇਣ ਦਾ ਪ੍ਰਬੰਧ ਕੀਤਾ ਜਾਵੇ, ਸਹਿਕਾਰੀ ਖੰਡ ਮਿੱਲ ਆਪਣੇ ਅਧੀਨ ਖੇਤਰ ਦਾ ਗੰਨਾ ਪਹਿਲ ਦੇ ਆਧਾਰ ’ਤੇ ਛੋਟੇ ਕਿਸਾਨਾਂ ਦਾ ਬਾਂਡ ਕੀਤਾ ਜਾਵੇ ਤੇ ਮਿੱਲ ਦੀ ਸਮਰਥਾ ਤੋਂ ਜ਼ਿਆਦਾ ਗੰਨਾ ਆਪਣੀ ਜ਼ਿੰਮੇਵਾਰੀ ਤੇ ਦੂਜੀ ਖੰਡ ਮਿੱਲਾਂ ਨੂੰ ਭੇਜਣ ਦਾ ਪ੍ਰਬੰਧ ਕਰੇ, ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਤੇ ਇਸ ਦੀ ਸਮਰਥਾ ਵਧਾਉਣ ਲਈ ਵਿਸਤਾਰ ਕੀਤਾ ਜਾਵੇ ਤਾਂ ਕਿ ਕਿਸਾਨ ਦੂਰ ਦੁਰਾਡੇ ਮਹਿੰਗੇ ਖਰਚ ਤੇ ਗੰਨਾ ਲੈ ਜਾਣ ਤੋਂ ਬਚ ਸਕੇ। ਇਸ ਮੌਕੇ ਕਿਸਾਨ ਨੇਤਾ ਤਰਲੋਕ ਸਿੰਘ ਬਹਿਰਾਮਪੁਰ, ਬਲਬੀਰ ਸਿੰਘ ਰੰਧਾਵਾ, ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।