ਸੱਤ ਕਨਾਲ ਜ਼ਮੀਨ ਅਤੇ ਘਰ ਵੇਚ ਕੇ ਵੀ ਨਾ ਉਤਰਿਆ ਕਰਜ਼ਾ ਤਾਂ ਕਿਸਾਨ ਨੇ ਚੁਣਿਆ ਖ਼ੁਦਕੁਸ਼ੀ ਦਾ ਰਾਹ

03/16/2021 3:01:12 PM

ਮਾਨਸਾ (ਅਮਰਜੀਤ ਚਾਹਲ): ਚਾਹੇ ਸਰਕਾਰ ਵੱਲੋਂ  ਕਿੰਨੀਆਂ ਹੀ ਕਿਸਾਨਾਂ ਦੇ ਹਿੱਤ ਵਿੱਚ ਨੀਤੀਆਂ ਬਣਾਉਣ ਦੀਆਂ ਗੱਲਾਂ ਕਹੀਆਂ ਜਾਣ ਪ੍ਰੰਤੂ ਫਿਰ ਵੀ ਪੰਜਾਬ ਵਿੱਚ ਆਏ ਦਿਨ ਕਰਜ਼ੇ ਦੀ ਮਾਰ ਹੇਠ ਆ ਕੇ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਦੀ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿੱਚ ਵਾਪਰੀ ਹੈ,ਜਿੱਥੇ ਕਿ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਉਸ ਨੇ ਖ਼ੁਦਕੁਸ਼ੀ ਦਾ ਸਹਾਰਾ ਲਿਆ।

PunjabKesari

ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿੱਚ ਰਹਿਣ ਵਾਲੇ 38 ਸਾਲਾ ਗੁਰਤੇਜ ਸਿੰਘ ਦੇ ਸਿਰ ਲਗਭਗ 15 ਲੱਖ ਦਾ ਕਰਜ਼ਾ ਸੀ , ਜਿਸਦੇ ਚੱਲਦੇ ਉਸ ਵੱਲੋਂ  ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਅਸਲ ਵਿੱਚ ਮ੍ਰਿਤਕ ਕਿਸਾਨ ਸਿਰਫ਼  ਡੇਢ ਏਕੜ ਜ਼ਮੀਨ ਦਾ ਮਾਲਕ ਸੀ। ਦੱਸਿਆ ਗਿਆ ਹੈ ਕਿ ਕਰਜ਼ੇ ਦੀ ਮਾਰ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਮ੍ਰਿਤਕ ਗੁਰਤੇਜ ਸਿੰਘ ਵੱਲੋਂ ਕਰਜ਼ਾ ਉਤਾਰਨ ਲਈ ਸੱਤ ਕਨਾਲ ਜ਼ਮੀਨ ਅਤੇ ਮਕਾਨ ਵੀ ਵੇਚ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਫ਼ਿਰ ਵੀ ਉਹ ਕਰਜ਼ਾ ਨਾ ਉਤਾਰ ਸਕਿਆ ਤਾਂ ਉਸ ਵੱਲੋਂ ਮੌਤ ਦਾ ਰਾਹ ਚੁਣ ਲਿਆ ਗਿਆ।

PunjabKesari

ਮਿ੍ਰਤਕ ਕਿਸਾਨ ਗੁਰਤੇਜ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਅਤੇ 18 ਸਾਲਾ ਪੁੱਤਰ ਨੂੰ ਕਰਜ਼ਦਾਰ ਛੱਡ ਗਿਆ ਹੈ। ਮੌਕੇ ਤੇ ਪਹੁੰਚੇ  ਕਿਸਾਨ ਆਗੂ ਅਤੇ ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਗੁਰਤੇਜ ਸਿੰਘ ਦੇ ਕਰਜ਼ੇ ਤੇ ਲੀਕ ਮਾਰਨ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ , ਤਾਂ ਜੋ ਅਗਾਂਹ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ।  


Shyna

Content Editor

Related News