ਕਰਜ਼ੇ ਦੇ ਦੈਂਤ ਨੇ ਨਿਗਲੀ ਇਕ ਹੋਰ ਨੌਜਵਾਨ ਕਿਸਾਨ ਦੀ ਜ਼ਿੰਦਗੀ, 2 ਸਾਲਾਂ ਤੋਂ ਸੀ ਪ੍ਰੇਸ਼ਾਨ
Monday, May 10, 2021 - 02:10 PM (IST)
ਮੋਗਾ, ਬੱਧਨੀ ਕਲਾਂ (ਗੋਪੀ ਰਾਊਕੇ, ਮਨੋਜ, ਜ.ਬ ) - ਭਾਵੇਂ ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ ਪਰ ਅਸ਼ਲ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਕੋਹਾ ਦੂਰ ਹੈ। ਆਏ ਦਿਨ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਸਿਵਿਆਂ ਦੇ ਰਾਹ ਪੈ ਰਹੇ ਹਨ। ਇਸੇ ਤਰ੍ਹਾਂ ਪਿੰਡ ਲੋਪੋਂ ਦੇ ਇਕ ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਸੁਖਮੰਦਰ ਸਿੰਘ ਸੋਨੀ ਉਮਰ 45 ਸਾਲ ਤੋਂ ਹੋਈ ਹੈ, ਜੋ ਕਰਜ਼ੇ ਦੇ ਕਾਰਨ ਪਿਛਲੇ ਦੋ ਸਾਲਾ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਭਾਵੇ ਪਰਿਵਾਰ ਵਾਲਿਆਂ ਨੇ ਸੋਨੀ ਦਾ ਦਿਮਾਗੀ ਇਲਾਜ ਵੀ ਕਰਵਾਇਆ ਪਰ ਜਦ ਤੱਕ ਉਸ ਨੂੰ ਆਪਣੇ ਸਿਰ ’ਤੇ ਪਈ ਕਰਜ਼ੇ ਦੀ ਪੰਡ ਨਜ਼ਰ ਆ ਰਹੀ ਹੋਵੇ, ਉਹ ਕਿਵੇਂ ਸੁੱਖ ਦੀ ਨੀਂਦ ਸੌਂ ਸਕਦਾ ਸੀ। ਇਸੇ ਕਰਜ਼ੇ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਾਜ ਸਿੰਘ ਅਤੇ ਗੁਆਂਢੀ ਰਤਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਆਪਣੇ ਮਗਰ ਇਕ ਮੁੰਡਾ ਅਤੇ ਪਤਨੀ ਨੂੰ ਛੱਡ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਅਤੇ ਸਮੁੱਚੀ ਪੰਚਾਇਤ ਨੇ ਮੰਗ ਕੀਤੀ ਕਿ ਇਸ ਪਰਿਵਾਰ ਦਾ ਕਰਜ਼ਾ ਤੁਰੰਤ ਮਾਫ਼ ਕੀਤਾ ਜਾਵੇ।