ਕਰਜ਼ਾ ਮੁਆਫੀ ਦੀ ਕਾਣੀ ਵੰਡ ਤੋਂ ਦੁਖੀ ਕਿਸਾਨਾਂ ਵਲੋਂ ਮੁਜ਼ਾਹਰਾ

Wednesday, Jan 03, 2018 - 06:45 PM (IST)

ਕਰਜ਼ਾ ਮੁਆਫੀ ਦੀ ਕਾਣੀ ਵੰਡ ਤੋਂ ਦੁਖੀ ਕਿਸਾਨਾਂ ਵਲੋਂ ਮੁਜ਼ਾਹਰਾ

ਗੜ੍ਹਸ਼ੰਕਰ (ਬੈਜ ਨਾਥ) : ਕਰਜ਼ਾ ਮੁਆਫੀ ਵਿਚ ਕੀਤੀ ਗਈ ਕਾਣੀ ਵੰਡ ਤੋਂ ਦੁਖੀ ਪਿੰਡ ਭਵਾਨੀਪੁਰ, ਮਜਾਰੀ, ਅਚਲ ਪੁਰ, ਨੈਣਵਾਂ ਤੇ ਹਰਮਾਂ ਦੇ ਸੈਂਕੜੇ ਕਿਸਾਨਾਂ ਨੇ ਖੇਤੀ ਸਹਿਕਾਰੀ ਸਭਾ ਅਚਲਪੁਰ ਦੇ ਦਫਤਰ ਦਾ ਘਿਰਾਓ ਕੀਤਾ ਤੇ ਪੰਜਾਬ ਸਰਕਾਰ ਤੇ ਸਹਿਕਾਰਤਾ ਵਿਭਾਗ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਇਸ ਸੁਸਾਇਟੀ ਅਧੀਨ ਬਹੁਤ ਸਾਰੇ ਉਨ੍ਹਾਂ ਲੋਕਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਜੋ ਸਰਕਾਰੀ ਕਰਮਚਾਰੀ ਹਨ ਅਤੇ ਬਹੁਤ ਸਾਰੇ ਪੰਜ ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹਨ ਪਰ ਇਸ ਦੇ ਉਲਟ ਜੋ ਕਿਸਾਨ ਗਰੀਬ ਹਨ ਅਤੇ ਜ਼ਮੀਨ ਵੀ ਢਾਈ ਏਕੜ ਤੋਂ ਘੱਟ ਹੈ, ਦੇ ਕਰਜ਼ੇ ਮੁਆਫ ਨਹੀਂ ਕੀਤੇ ਗਏ। ਜਿਸ ਕਾਰਣ ਕਿਸਾਨਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਸਬੰਧੀ ਮਾਲ ਨਿਭਾਗ ਦਾ ਰਿਕਾਰਡ ਸੁਸਾਇਟੀ ਦੇ ਰਿਕਾਰਡ ਨਾਲ ਮੇਲ ਨਹੀ ਖਾਂਦਾ। ਇਧਰ ਸਹਿਕਾਰੀ ਵਿਭਾਗ ਦੇ ਇੰਸਪੈਕਟਰ ਦਵਿੰਦਰ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦੇ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ।
ਮੌਕੇ 'ਤੇ ਹਾਜ਼ਰ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਕਿਸਾਨਾਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੋਮਵਾਰ ਨੂੰ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਲਾਇਆ ਜਾਵੇਗਾ। ਸਹਿਕਾਰੀ ਸਭਾ ਅਚਲਪੁਰ ਦੇ ਸਕੱਤਰਹਰੀ ਕਿਸ਼ਨ ਤੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜ ਪਿੰਡਾਂ ਦੇ 299 ਕਿਸਾਨਾਂ ਦੀ ਲਿਸਟ ਭੇਜੀ ਸੀ ਜਿਸ ਵਿਚੋਂ ਸਿਰਫ 85 ਦੀ ਲਿਸਟ ਪਾਸ ਹੋਈ ਹੈ।


Related News