ਕਰਜ਼ਾ ਦਿਵਾਉਣ ਦੇ ਨਾਮ ''ਤੇ ਮਾਰੀ ਪੰਦਰਾਂ ਲੱਖ ਦੀ ਠੱਗੀ
Friday, Oct 26, 2018 - 05:07 PM (IST)
ਪਾਤੜਾਂ (ਸਿੰਗਲਾ) : ਕਰਜ਼ਾ ਦਿਵਾਉਣ ਦੇ ਨਾਮ 'ਤੇ ਤਿੰਨ ਵਿਅਕਤੀਆਂ ਵੱਲੋਂ ਪੰਦਰਾਂ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਵੱਲੋਂ ਠੱਗੀ ਮਾਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪਿੰਡ ਦੁਗਾਲ ਦੀ ਰਹਿਣ ਵਾਲੀ ਸ਼ਿੰਦਰ ਕੌਰ ਪਤਨੀ ਜੋਰਾਂ ਸਿੰਘ, ਮਨਦੀਪ ਕੌਰ ਪੁੱਤਰੀ ਜੋਰਾ ਸਿੰਘ, ਸੰਦੀਪ ਸਿੰਘ ਪੁੱਤਰ ਜੋਰਾ ਸਿੰਘ, ਅਮਨਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਿਤਾ ਇਕ ਢਾਬੇ 'ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਅ ਰਿਹਾ ਸੀ ਪਰ ਘਰੇਲੂ ਸਥਿਤੀ ਠੀਕ ਨਾ ਹੋਣ ਕਰਕੇ ਪੈਸਿਆਂ ਦੀ ਜ਼ਰੂਰਤ ਸੀ ਅਤੇ ਇਕ ਦਿਨ ਢਾਬੇ 'ਤੇ ਸਲਿੰਦਰ ਸਿੰਘ ਨਾਮ ਦਾ ਵਿਅਕਤੀ ਆਇਆ। ਜਿਸ ਨੇ ਜ਼ਮੀਨ 'ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਪਟਿਆਲੇ ਆਉਣ ਲਈ ਕਿਹਾ।
ਪੀੜਤਾ ਨੇ ਦੱਸਿਆ ਕਿ ਉਥੇ ਉਨ੍ਹਾਂ ਨੇ ਇਕ ਖਾਲੀ ਕਾਗਜ਼ 'ਤੇ ਅੰਗੂਠੇ ਲਗਵਾ ਕੇ ਸੱਤ ਲੱਖ ਰੁਪਏ ਨਗਦ ਦੇ ਦਿੱਤੇ। ਜਿਹੜੇ ਕੁਝ ਸਮੇਂ ਬਾਅਦ ਵਾਪਸ ਆਪਣੇ ਕੋਲ ਰੱਖ ਕੇ ਅੱਠ ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਜਿਹੜਾ ਬਾਊਂਸ ਹੋ ਗਿਆ। ਬਾਅਦ ਵਿਚ ਪਤਾ ਲੱਗਾ ਕਿ ਠੱਗ ਕਿਸਮ ਦੇ ਉਕਤ ਵਿਅਕਤੀਆਂ ਨੇ ਜ਼ਮੀਨ ਦਾ ਬਿਆਨਾ ਕਰਵਾ ਲਿਆ ਹੈ। ਨਾ ਹੀ ਕਰਜ਼ਾ ਦਿਵਾਉਣ ਵਾਲੇ ਪੈਸੇ ਦਿੱਤੇ, ਜਿਸ ਕਰਕੇ ਇਸ ਗਿਰੋਹ ਦੇ ਮੈਬਰਾਂ ਨੇ ਸਾਡੇ ਪਿਤਾ ਦੀ ਅਨਪੜਤਾ ਦਾ ਲਾਭ ਲੈ ਕੇ ਪੰਦਰਾਂ ਲੱਖ ਰੁਪਏ ਦੀ ਕਥਿਤ ਤੌਰ 'ਤੇ ਠੱਗੀ ਮਾਰੀ ਹੈ। ਪਾਤੜਾਂ ਪੁਲਸ ਵੱਲੋਂ ਸਲਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਤਰੌੜਾ ਕਲਾਂ, ਸੰਪੂਰਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਰਾਜ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਅਤੇ ਗੁਰਜੰਟ ਸਿੰਘ ਪੁੱਤਰ ਮੇਹਰ ਸਿੰਘ ਬਨੇਰਾ ਕਲਾਂ ਜ਼ਿਲਾ ਪਟਿਆਲਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
