ਮਾਮਲਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ, ਪਿੰਡ ਦੇ ਇਕ ਨੌਜਵਾਨ ਦੀ ਹੋਈ ਮੌਤ

Wednesday, Dec 28, 2022 - 07:19 PM (IST)

ਮਾਮਲਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ, ਪਿੰਡ ਦੇ ਇਕ ਨੌਜਵਾਨ ਦੀ ਹੋਈ ਮੌਤ

ਜ਼ੀਰਾ (ਗੁਰਮੇਲ ਸੇਖਵਾਂ) : ਪਿੰਡ ਮਨਸੂਰਵਾਲ ਕਲਾਂ ਸਥਿਤ ਸ਼ਰਾਬ ਫੈਕਟਰੀ ਦੇ ਸਾਹਮਣੇ ਚੱਲ ਰਿਹਾ ਮੋਰਚਾ ਉਦੋਂ ਹੋਰ ਗਰਮਾ ਗਿਆ, ਜਦੋਂ ਅੱਜ ਪਿੰਡ ਦੇ ਇਕ ਨੌਜਵਾਨ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮੋਰਚੇ 'ਚ ਸ਼ਾਮਲ ਕਿਸਾਨ ਆਗੂ ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਮੌਤ ਦਾ ਕਾਰਨ ਸ਼ਰਾਬ ਫੈਕਟਰੀ ਵੱਲੋਂ ਹੋਣ ਵਾਲਾ ਪ੍ਰਦੂਸ਼ਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਫੈਕਟਰੀ ’ਤੇ ਕਾਰਵਾਈ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਜੇਕਰ ਪੰਜਾਬ ਦਾ ਕਿਸਾਨ ਇਕ ਹੈ ਤਾਂ ਦੇਸ਼ ਇਕ ਹੈ : ਰਾਕੇਸ਼ ਟਿਕੈਤ

PunjabKesari

ਦੱਸਣਯੋਗ ਹੈ ਕਿ ਸਾਂਝੇ ਮੋਰਚੇ ਵੱਲੋਂ ਪਹਿਲਾਂ ਮ੍ਰਿਤਕ ਰਾਜਵਿੰਦਰ ਸਿੰਘ ਦੀ ਲਾਸ਼ ਨੂੰ ਮੋਰਚੇ ਵਿੱਚ ਲਿਆਂਦਾ ਗਿਆ, ਜਿਥੇ ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਸਾਰੇ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਨਾਲ ਹੀ ਲਾਸ਼ ਨੂੰ ਕਿਸਾਨੀ ਝੰਡੇ ਨਾਲ ਲਪੇਟਿਆ ਗਿਆ। ਇਸ ਉਪਰੰਤ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸੰਯੁਕਤ ਮੋਰਚੇ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਸਕਾਰ ਕਰਵਾਇਆ ਗਿਆ।

ਕੜਾਕੇ ਦੀ ਠੰਡ ’ਚ ਵੀ ਸ਼ਰਾਬ ਫੈਕਟਰੀ ਅੱਗੇ ਮੋਰਚਾ ਜਾਰੀ

ਪਿੰਡ ਮਨਸੂਰਵਾਲ ਕਲਾਂ ਸਥਿਤ ਸ਼ਰਾਬ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਫੈਕਟਰੀ ਅੱਗੇ ਮੋਰਚਾ ਭਾਰੀ ਉਤਸ਼ਾਹ ਨਾਲ ਕਡ਼ਾਕੇ ਦੀ ਠੰਡ ’ਚ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਸ਼ਰਾਬ ਫੈਕਟਰੀ ਬੰਦ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਬੁੱਧਵਾਰ ਮੋਰਚੇ ’ਚ ਪਹੁੰਚੇ ਪਰਮਜੀਤ ਕੌਰ ਮੁੱਦਕੀ ਅਤੇ ਸੇਵਕ ਸਿੰਘ ਮਹੀਆਂ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨੋ-ਦਿਨ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਮੋਰਚਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਵਾਤਾਵਰਣ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਅੱਜ ਹਰ ਵਰਗ ਦੇ ਲੋਕ ਸਾਂਝੇ ਮੋਰਚੇ ’ਚ ਸ਼ਾਮਲ ਹੋ ਰਹੇ ਹਨ। ਅਸੀਂ ਸ਼ਾਂਤੀਮਈ ਢੰਗ ਨਾਲ ਫੈਕਟਰੀ ਬੰਦ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ।

PunjabKesari

ਇਹ ਵੀ ਪੜ੍ਹੋ : ਵਿਧਾਇਕ ਨੇ ਅੱਧੀ ਰਾਤ ਰੇਤ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਮਾਰਿਆ ਛਾਪਾ, 6 ਟਰੈਕਟਰ-ਟਰਾਲੀਆਂ ਫੜੀਆਂ

ਸਾਂਝੇ ਮੋਰਚੇ ਦੇ ਆਗੂ ਗੁਰਮੇਲ ਸਿੰਘ ਮਨਸੂਰਵਾਲ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਤੋਂ ਮੋਰਚੇ ’ਚ ਸ਼ਾਮਲ ਹੋ ਰਹੇ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ 29 ਦਸੰਬਰ ਨੂੰ ਬਲਬੀਰ ਸਿੰਘ ਰਾਜੇਵਾਲ ਇਸ ਮੋਰਚੇ ਦੇ ਸਮਰਥਨ ’ਚ ਪਹੁੰਚ ਰਹੇ ਹਨ, ਜੋ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ਰਾਬ ਫੈਕਟਰੀ ਨੂੰ ਹਰ ਹਾਲ ’ਚ ਬੰਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਮਾ. ਜਗਦੇਵ ਸਿੰਘ, ਦਲੀਪ ਸਿੰਘ, ਗੋਰਾ ਸਿੰਘ, ਜੁਗਰਾਜ ਸਿੰਘ, ਰਮਨਦੀਪ ਕੌਰ, ਅਵਤਾਰ ਸਿੰਘ ਮਹਿਤਾ, ਪ੍ਰਦੀਪ ਸਿੰਘ, ਗੁਰਮੀਤ ਸਿੰਘ ਆਦਿ ਮੌਜੂਦ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News