ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਮੌਤ, ਪਰਿਵਾਰ ਨੇ ਸੁਸ਼ਮਾ ਸਵਰਾਜ ਨੂੰ ਕੀਤੀ ਅਪੀਲ

Sunday, Aug 12, 2018 - 09:23 PM (IST)

ਜਲੰਧਰ (ਬਿਊਰੋ)- ਟਾਂਡਾ ਇਲਾਕੇ ਦੇ ਪਿੰਡ ਰਾੜਾ ਵਾਸੀ ਬਲਵਿੰਦਰ ਸਿੰਘ ਸੰਧੂ ਐਸ.ਡੀ.ਓ. ਵਾਟਰ ਸਪਲਾਈ ਦੇ ਇਕਲੌਤੇ ਸਪੁੱਤਰ ਦੀ ਅਮਰੀਕਾ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਹਰਕੀਰਤ ਸਿੰਘ (26) ਦਾ 8 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਦੇ ਇੰਡਿਆਨਾ ਸੂਬੇ ਦੇ ਰਿਚਮੰਡ ਇਲਾਕੇ ਵਿਚ ਦੇਹਾਂਤ ਹੋ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਹਰਕੀਰਤ ਆਪਣੇ ਦੋਸਤ ਨਾਲ ਕਾਰ ਵਿਚ ਬਜ਼ਾਰ ਗਿਆ ਸੀ, ਜਿਸ ਦੌਰਾਨ ਉਸ ਨੂੰ ਨੀਂਦ ਆ ਗਈ ਜਦੋਂ ਘਰ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸੰਧੂ ਨੇ ਦੱਸਿਆ ਕਿ ਹਰਕੀਰਤ ਅਜੇ ਕੁਆਰਾ ਸੀ ਅਤੇ ਉਹ ਉਥੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੈਨੇਡਾ ਰਹਿੰਦੀ ਹੈ ਜਿਸ ਕੋਲ ਜਾਣ ਲਈ ਉਨ੍ਹਾਂ ਨੇ ਆਪਣੀ ਪਤਨੀ ਸਣੇ ਆਪਣਾ ਵੀਜ਼ਾ 13 ਜੁਲਾਈ ਨੂੰ ਅਪਲਾਈ ਕੀਤਾ ਸੀ ਪਰ ਅਜੇ ਤੱਕ ਅੰਬੈਸੀ ਵਲੋਂ ਕੋਈ ਜਵਾਬ ਨਹੀਂ ਆਇਆ ਸੀ। ਉਨ੍ਹਾਂ ਦੇ ਪਾਸਪੋਰਟ ਅੰਬੈਸੀ ਕੋਲ ਹੀ ਹਨ ਪਰ ਇਸੇ ਦੌਰਾਨ ਆਈ ਇਸ ਮਨਹੂਸ ਖਬਰ ਨੇ ਉਨ੍ਹਾਂ ਨੂੰ ਝਿੰਝੋੜ ਕੇ ਰੱਖ ਦਿੱਤਾ ਹੈ।

ਉਹ ਆਪਣੇ ਇਕਲੌਤੇ ਪੁੱਤਰ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਇਕ ਟਵੀਟ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਕੀਤਾ ਹੈ ਕਿ ਸਾਨੂੰ ਸਾਡੇ ਪਾਸਪੋਰਟ ਕੈਨੇਡਾ ਅੰਬੈਸੀ ਤੋਂ ਵਾਪਸ ਦਿਵਾ ਕੇ ਅਮਰੀਕੀ ਵੀਜ਼ਾ ਲੈਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖ ਸਕਣ। ਓਧਰ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸੁਸ਼ਮਾ ਸਵਰਾਜ ਨੇ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੂੰ ਮਾਮਲੇ ਵਿਚ ਦਖਲ ਦੇਣ ਨੂੰ ਕਿਹਾ ਹੈ। 


Related News