ਦਰੱਖਤ ਦਾ ਟਾਹਣਾ ਟੁੱਟਣ ਕਾਰਨ ਨੌਜਵਾਨ ਦੀ ਮੌਤ, ਭੈਣ ਜਖ਼ਮੀ (ਵੀਡੀਓ)

06/08/2018 5:33:02 PM

ਨਾਭਾ (ਜਗਨਾਰ)-ਅੱਜ ਨਾਭਾ ਸਥਿਤ ਕੈਂਟ ਰੋਡ 'ਤੇ ਤੜਕਸਾਰ ਕਰੀਬ 8 ਵਜੇ ਬਰੋਟੇ (ਰੁੱਖ) ਦਾ ਟਾਹਣਾ ਟੁੱਟਣ ਕਾਰਨ ਸੜਕ ਤੇ ਮੋਟਰ ਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਅਤੇ ਉਸ ਦੀ ਭੈਣ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਏ.ਐੱਸ.ਆਈ ਸਾਧਾ ਸਿੰਘ ਨੇ ਦੱਸਿਆਂ ਕਿ ਨੌਜਵਾਨ ਨਿਸ਼ਾਨ ਸਿੰਘ (25) ਪੁੱਤਰ ਰਾਮਧਨ ਸਿੰਘ ਪਿੰਡ ਟੋਡਰਵਾਲ, ਜੋ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਮੋਟਰ ਸਾਇਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਸੜਕ ਕਿਨਾਰੇ ਖੜ੍ਹੇ ਬਰੋਟੇ ਦਾ ਟਾਹਣਾ ਟੁੱਟ ਕੇ ਉਨ੍ਹਾਂ 'ਤੇ ਡਿੱਗ ਗਿਆ, ਜਿਸ ਕਾਰਨ ਲੜਕੇ ਦੀ ਮੌਤ ਹੋ ਗਈ ਤੇ ਉਸ ਦੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਮਨਪ੍ਰੀਤ ਕੌਰ ਨੂੰ ਗੰਭੀਰ ਹਾਲਤ 'ਚ ਰਾਹਗੀਰਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ। 
ਜੱਸੀ ਸੋਹੀਆਂ ਵਾਲਾ, ਬਲਜੀਤ ਸਿੰਘ ਮੱਖਣ, ਗੁਰਤੇਜ ਸਿੰਘ ਕੌਲ ਅਤੇ ਜੱਸਾ ਖੋਖ ਨੇ ਕਿਹਾ ਕਿ ਇਨ੍ਹਾਂ ਸੁੱਕੇ ਹੋਏ ਦਰੱਖਤਾਂ ਪ੍ਰਤੀ ਕਈ ਵਾਰ ਜੰਗਲਾਤ ਵਿਭਾਗ ਨੂੰ ਕਿਹਾ ਗਿਆ ਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਹਲਕਾ ਹੋਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਜੱਸੀ ਸੋਹੀਆਂ ਵਾਲਾ ਤੇ ਜੱਸਾ ਖੋਖ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਐਂਬੂਲੈਂਸ ਮੌਕੇ 'ਤੇ ਨਾ ਪਹੁੰਚਣ ਕਾਰਨ ਇਕ ਘੰਟਾ ਨੌਜਵਾਨ ਦੀ ਲਾਸ਼ ਸੜਕ 'ਤੇ ਪਈ ਰਹੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੰਨਾ ਵੱਡਾ ਹਾਦਸਾ ਵਾਪਰਨ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ ਅਧਿਕਾਰੀ ਇਨਾਂ ਸੜਕ ਕਿਨਾਰੇ ਖੜ੍ਹੇ ਸੁੱਕੇ ਦਰਖਤਾਂ ਵੱਲ ਕੋਈ ਧਿਆਨ ਦਿੰਦੇ ਹਨ ਜਾਂ ਇਸੇ ਤਰ੍ਹਾਂ ਭਿਆਨਕ ਹਾਦਸੇ ਵਾਪਰਦੇ ਰਹਿਣਗੇ।


Related News