ਅਮਰੀਕਾ ਦੇ ਸੁਪਨੇ ਨੇ ਲੈ ਲਈ ਜਾਨ, ਹੁਣ ਪੁੱਤ ਦੀ ਲਾਸ਼ ਦੀ ਭਾਲ ’ਚ ਦਰ-ਦਰ ਭਟਕ ਰਿਹਾ ਪਰਿਵਾਰ
Thursday, Oct 02, 2025 - 01:23 AM (IST)

ਡੇਰਾਬਸੀ (ਗੁਰਜੀਤ) - ਲੱਖਾਂ ਡਾਲਰ ਕਮਾਉਣ ਦੇ ਸੁਪਨੇ ਲੈ ਕੇ ਰੋਜ਼ੀ-ਰੋਟੀ ਦੀ ਭਾਲ ’ਚ ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪਿੰਡ ਸਮਗੌਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਨੂੰ ਅਜੇ ਉਸ ਦਾ ਮੂੰਹ ਦੇਖਣਾ ਨਸੀਬ ਨਹੀਂ ਹੋ ਰਿਹਾ। ਪੁੱਤ ਦੀ ਮੌਤ ਬਾਰੇ ਸੂਚਨਾ ਮਿਲ ਚੁੱਕੀ ਹੈ ਪਰ ਪਰਿਵਾਰ ਨੂੰ ਅਜੇ ਤੱਕ ਪਤਾ ਨਹੀਂ ਕਿ ਉਸ ਦੀ ਲਾਸ਼ ਕਿੱਥੇ ਹੈ।
ਪਰਿਵਾਰ ਵਾਲੇ ਕਹਿ ਰਹੇ ਹਨ ਕਿ ਉਸ ਦੀ ਮੌਤ ਮੈਕਸੀਕੋ ’ਚ ਹੋਈ ਪਰ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਜਿਸ ਹਸਪਤਾਲ ’ਚ ਲਾਸ਼ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਉਸ ਦੀ ਲੋਕੇਸ਼ਨ ਮੈਕਸੀਕੋ ਨਾ ਹੋ ਕੇ ਅਮਰੀਕਾ ਦੇ ਟੈਕਸਾਸ ’ਚ ਹੈ। ਇਸ ਬਾਰੇ ਸੰਪਰਕ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਲੋਕੇਟ ਕਰ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗੇਗਾ। ਰਿਪੋਰਟ ਮੁਤਾਬਕ ਕੇਸ ’ਚ ਬਣਦੀਆਂ ਧਾਰਾਵਾਂ ਜੋੜੀਆਂ ਜਾਣਗੀਆਂ। ਜੇ ਲਾਸ਼ ਦੀ ਲੋਕੇਸ਼ਨ ਸਹੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹਰਦੀਪ ਮੈਕਸੀਕੋ ਰਾਹੀਂ ਅਮਰੀਕਾ ’ਚ ਦਾਖ਼ਲ ਹੋਇਆ ਸੀ।
ਮੌਤ ਤੋਂ ਪਹਿਲਾਂ ਵੀਡੀਓ ਭੇਜ ਕੇ ਕੀਤੀ ਸੀ ਕਾਰਵਾਈ ਦੀ ਮੰਗ
ਹਰਦੀਪ ਸਿੰਘ ਜੁਲਾਈ 2024 ’ਚ ਘਰੋਂ ਨਿਕਲਿਆ ਸੀ। ਏਜੰਟਾਂ ਨੇ ਉਸ ਨੂੰ ਡੌਂਕੀ ਰਾਹੀਂ ਮੈਕਸੀਕੋ ਬਾਰਡਰ ਪਾਰ ਕਰਵਾ ਕੇ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਏਜੰਟਾਂ ਨੇ ਕੋਈ ਪੈਸਾ ਨਹੀਂ ਭੇਜਿਆ। ਮੌਤ ਤੋਂ ਪਹਿਲਾਂ ਹਰਦੀਪ ਨੇ ਵੀਡੀਓ ਵੀ ਭੇਜੀ ਸੀ, ਜਿਸ ’ਚ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਜ਼ਿਲਾ ਪੁਲਸ ਮੁਖੀ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਸੀ।
ਵਿਧਾਇਕ ਨੇ ਲਾਸ਼ ਵਾਪਸ ਲਿਆਉਣ ਲਈ ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਕੀਤੀ ਗੱਲਬਾਤ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲਾਸ਼ ਮੈਕਸੀਕੋ ਤੋਂ ਜਲਦੀ ਭਾਰਤ ਲਿਆਉਣ ਲਈ ਵੱਖ-ਵੱਖ ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਗੱਲਬਾਤ ਕਰ ਕੇ ਈ-ਮੇਲ ਰਾਹੀਂ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਹੈ। ਉਹ ਆਪ ਵੀ ਕਈ ਮੰਤਰੀਆਂ ਨਾਲ ਗੱਲ ਕਰ ਚੁੱਕੇ ਹਨ ਤਾਂ ਜੋ ਲਾਸ਼ ਨਾ ਸਿਰਫ਼ ਜਲਦੀ ਤੋਂ ਜਲਦੀ ਪਰਿਵਾਰ ਤੱਕ ਪਹੁੰਚਾਈ ਜਾ ਸਕੇ, ਸਗੋਂ ਮਾਮਲੇ ਦੀ ਜਾਂਚ ਵੀ ਨਿਰਪੱਖ ਢੰਗ ਨਾਲ ਹੋ ਸਕੇ।
ਪਰਿਵਾਰ ਹੋਇਆ 37 ਲੱਖ ਦੀ ਠੱਗੀ ਦਾ ਸ਼ਿਕਾਰ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਤੋਂ ਰੋਜ਼ੀ-ਰੋਟੀ ਦੀ ਭਾਲ ’ਚ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਜਾ ਰਹੇ ਨੌਜਵਾਨ ਪੰਜਾਬ ਭਰ ’ਚ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੇ ਹਲਕੇ ’ਚ ਡੌਕੀ ਰਾਹੀਂ ਵਿਦੇਸ਼ ਗਏ ਨੌਜਵਾਨ ਦੀ ਮੌਤ ਦਾ ਇਹ ਚੌਥਾ ਮਾਮਲਾ ਹੈ। ਉੱਨਵਾਂ ਕਿਹਾ ਕਿ ਚੰਗੀ ਕਮਾਈ ਦੀ ਉਮੀਦ ’ਚ ਜਿੱਥੇ ਪਰਿਵਾਰ ਕਰਜ਼ੇ ਦੇ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਜਵਾਨ ਪੁੱਤਰ ਜਾਨ ਵੀ ਗੁਆ ਰਹੇ ਹਨ। ਹਰਦੀਪ ਸਿੰਘ ਦਾ ਪਰਿਵਾਰ 37 ਲੱਖ ਦੀ ਠੱਗੀ ਦਾ ਸ਼ਿਕਾਰ ਹੋਇਆ। ਹਾਲਾਂਕਿ ਪੁਲਸ ਨੇ ਮੁਲਜ਼ਮ ਏਜੰਟ ਨਿਤਿਨ ਸੈਣੀ ਵਾਸੀ ਬਰਨਾਲਾ ਤੇ ਸੁਖਵਿੰਦਰ ਸਿੰਘ ਸੈਣੀ ਨਿਵਾਸੀ ਭਾਂਖਰਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।