ਭੇਤਭਰੇ ਹਾਲਤ ’ਚ ਸਰਕਾਰੀ ਅਧਿਆਪਕਾ ਦੀ ਮੌਤ, ਸਹੁਰੇ ਪਰਿਵਾਰ ’ਤੇ ਲਾਇਆ ਕਤਲ ਦਾ ਦੋਸ਼
Monday, Jul 19, 2021 - 05:39 PM (IST)
ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਪਾਲੀਆ ਖੁਰਦ ਦੀ ਇਕ ਨਵ-ਵਿਆਹੁਤਾ ਦੀ ਭੇਦਭਰੇ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਾਰੰਗ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਈਸੜੂ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਕੁੜੀ ਸ਼ਰਨਦੀਪ ਕੌਰ ਦਾ ਵਿਆਹ 22-11- 2020 ਨੂੰ ਪਾਲੀਆ ਖੁਰਦ ਦੇ ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਹੋਇਆ। ਕੁਝ ਸਮੇਂ ਬਾਅਦ ਸ਼ਰਨਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਘੱਟ ਦਾਜ ਲਈ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰੇ ਉਨ੍ਹਾਂ ਕਈ ਵਾਰ ਪਿੰਡ ਦੀ ਪੰਚਾਇਤ ਨੂੰ ਇਸ ਬਾਰੇ ਦੱਸਿਆ ਅਤੇ ਹਰ ਵਾਰ ਸਮਝਾ ਕੇ ਘਰ ਵਾਪਸ ਭੇਜ ਦਿੱਤਾ ਜਾਂਦਾ ਪਰ ਬੀਤੀ 17 ਜੁਲਾਈ ਨੂੰ ਉਸ ਦੀ ਬੇਟੀ ਅਤੇ ਉਸ ਦਾ ਜਵਾਈ ਗੁਰਭੇਜ ਸਿੰਘ ਉਸ ਕੋਲ ਆਏ ਅਤੇ ਗੁਰਭੇਜ ਸਿੰਘ ਨੇ ਉਸ ਕੋਲੋ ਇਕ ਲੱਖ ਰੁਪਏ ਦੀ ਮੰਗ ਕੀਤੀ, ਜਿਸ ’ਤੇ ਉਨ੍ਹਾਂ ਨੇ ਪੈਸੇ ਇਕ ਅੱਧੇ ਦਿਨ ਵਿਚ ਦੇਣ ਬਾਰੇ ਕਹਿ ਕੇ ਵਾਪਸ ਪਾਲੀਆ ਭੇਜ ਦਿੱਤਾ। ਮਿਤੀ 18 ਜੁਲਾਈ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੀ ਕੁੜੀ ਸ਼ਰਨਦੀਪ ਕੌਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕੁੜੀ ਦਾ ਕਤਲ ਕੀਤਾ ਗਿਆ ਹੈ ਅਤੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਲਾਸ਼ ਨੂੰ ਪਹਿਲਾਂ ਹੀ ਉਤਾਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤਨੀ ਨੇ ਕਤਲ ਕੀਤਾ ਪਤੀ ਦਾ
ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਗੁਰਭੇਜ ਸਿੰਘ ਅਤੇ ਉਸਦੇ ਪਰਿਵਾਰ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਵਾਇਆ ਜਾਵੇ। ਜ਼ਿਕਰ ਯੋਗ ਹੈ ਕਿ ਮ੍ਰਿਤਕ ਕੁੜੀ ਸਰਕਾਰੀ ਅਧਿਆਪਕਾ ਸੀ ਅਤੇ ਉਸ ਦਾ ਪਤੀ ਵੀ ਸਰਕਾਰੀ ਅਧਿਆਪਕ ਹੈ। ਇਸ ਬਾਰੇ ਜਦੋਂ ਥਾਣਾ ਮੁਖੀ ਅੰਮ੍ਰਿਤਬੀਰ ਸਿੰਘ ਚਾਹਲ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸ਼ਰਨਦੀਪ ਕੌਰ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਜਾ ਰਿਹਾ ਅਤੇ ਪੁਲਸ ਵਲੋਂ ਗੁਰਭੇਜ ਸਿੰਘ, ਗੁਰਵਿੰਦਰ ਸਿੰਘ, ਗੁਰਵੀਰ ਸਿੰਘ, ਗੁਰਮੀਤ ਸਿੰਘ ਅਤੇ ਜਸਵੰਤ ਕੌਰ ਖ਼ਿਲਾਫ਼ ਧਾਰਾ 304ਬੀ, 34 ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁੜੀ ਦੀ ਲਾਸ਼ ਕੋਲ ਸੁਸਾਇਡ ਨੋਟ ਵੀ ਮਿਲਿਆ ਹੈ ਜਿਸਦੀ ਜਾਂਚ ਕਰਵਾਈ ਜਾਣੀ ਹੈ।
ਇਹ ਵੀ ਪੜ੍ਹੋ : ਜਾਣੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਦਾ ਕਿਹੋ ਜਿਹਾ ਰਿਹਾ ਸਿਆਸੀ ਸਫ਼ਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ