ਲਾਲੜੂ ਵਿਖੇ ਪੰਚਾਇਤੀ ਜ਼ਮੀਨ 'ਚੋਂ ਮਾਈਨਿੰਗ ਰੋਕਣ ਗਏ ਕਿਸਾਨ ਨੂੰ ਟਰੈਕਟਰ ਹੇਠਾਂ ਦਰੜ ਕੇ ਮਾਰਿਆ

02/18/2023 1:25:01 PM

ਲਾਲੜੂ (ਅਨਿਲ) : ਲਾਲੜੂ ਨੇੜਲੇ ਪਿੰਡ ਬੜਾਣਾ ’ਚ ਦੇਰ ਰਾਤ ਪੰਚਾਇਤੀ ਜ਼ਮੀਨ ’ਚੋਂ ਕਥਿਤ ਤੌਰ ’ਤੇ ਹੋ ਰਹੀ ਮਾਈਨਿੰਗ ਨੂੰ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠ ਦਰੜਨ ਦਾ ਦੁਖ਼ਦਾਈ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੀ ਸ਼ਨਾਖਤ 65 ਸਾਲਾ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੜਾਣਾ ਵਜੋਂ ਕੀਤੀ ਹੈ। ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਵੀ ਸੀ। ਇਸ ਮਾਮਲੇ ’ਚ ਪੁਲਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁੱਖੀ ਹੰਡੇਸਰਾ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਅਨੁਸਾਰ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ 16-17 ਫਰਵਰੀ ਦੀ ਰਾਤ ਨੂੰ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਇੱਕ ਸਾਥੀ ਸਮੇਤ ਘਰ ਦੇ ਬਾਹਰ ਆਏ ਅਤੇ ਦੇਖਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਕੁੱਝ ਲੋਕ ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਚੁੱਕ ਰਹੇ ਸਨ।

PunjabKesari

ਭੁਪਿੰਦਰ ਮੁਤਾਬਕ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਵਾਲਿਆਂ ਨੂੰ ਮਿੱਟੀ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਵਿੰਦਰ ਸਿੰਘ ਉਰਫ਼ ਗੱਗੂ ਦੇ ਕਹਿਣ ’ਤੇ ਮਿੱਟੀ ਚੁੱਕ ਰਹੇ ਹਨ।

ਇਹ ਵੀ ਪੜ੍ਹੋ : ਟੀ. ਵੀ. ਚੈਨਲਾਂ ਅਤੇ ਯੂ-ਟਿਊਬ ਦੀ ਚਮਕ-ਦਮਕ ’ਚ ਰੇਡੀਓ ਹੋਇਆ ਅਲੋਪ    

ਇਹ ਸੁਣ ਕੇ ਗੁਰਚਰਨ ਸਿੰਘ ਨੇ ਟਰੈਕਟਰ ਚਾਲਕ ਨੂੰ ਹਰਵਿੰਦਰ ਸਿੰਘ ਜਾਂ ਪੰਚਾਇਤ ਦੇ ਕਿਸੇ ਨੁਮਾਇੰਦੇ ਨੂੰ ਮੌਕੇ ’ਤੇ ਸੱਦਣ ਦੀ ਗੱਲ ਆਖੀ। ਗੁਰਚਰਨ ਸਿੰਘ ਵੱਲੋਂ ਉਠਾਏ ਇਤਰਾਜ਼ ਉਪਰੰਤ ਡਰਾਈਵਰ ਨੇ ਕਿਸੇ ਨੂੰ ਫੋਨ ਮਿਲਾਇਆ ਅਤੇ ਇਸ ਉਪਰੰਤ ਉੱਥੇ 5-7 ਵਿਅਕਤੀ ਹੋਰ ਉਥੇ ਪੁੱਜ ਗਏ। ਇਨ੍ਹਾਂ ਵਿਅਕਤੀਆਂ ਨੇ ਗੁਰਚਰਨ ਸਿੰਘ ਨੂੰ ਰਾਹ ’ਚੋਂ ਹਟਣ ਲਈ ਕਿਹਾ ਪਰ ਗੁਰਚਰਨ ਨੇ ਉਨ੍ਹਾਂ ਦਾ ਦਬਾਅ ਨਹੀਂ ਮੰਨਿਆ ਤਾਂ ਚਾਲਕ ਨੇ ਕਥਿਤ ਤੌਰ ’ਤੇ ਟਰੈਕਟਰ-ਟਰਾਲੀ ਗੁਰਚਰਨ ’ਤੇ ਚੜ੍ਹਾ ਦਿੱਤੀ। ਭੁਪਿੰਦਰ ਨੇ ਦੱਸਿਆ ਕਿ ਉਹ ਵੀ ਮੌਕੇ ’ਤੇ ਪੁੱਜ ਗਿਆ ਸੀ ਅਤੇ ਉਸ ਨੇ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ ਬੰਦ ਨਹੀਂ ਹੋਇਆ ਅਤੇ ਮਿੱਟੀ ਚੁੱਕਣ ਵਾਲੇ ਵਿਅਕਤੀ ਟਰੈਕਟਰ-ਟਰਾਲੀ ਅਤੇ ਜੇ. ਸੀ. ਬੀ. ਆਦਿ ਮਸ਼ੀਨਾਂ ਉਥੋਂ ਭਜਾ ਕੇ ਲੈ ਗਏ। ਇਸ ਘਟਨਾ ਉਪਰੰਤ ਭੁਪਿੰਦਰ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਡੇਰਾਬੱਸੀ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

PunjabKesari

ਪੁਲਸ ਨੇ ਇਸ ਮਾਮਲੇ ’ਚ ਜਸਵਿੰਦਰ ਸਿੰਘ ਉਰਫ਼ ਕਾਲਾ, ਜਸਵਿੰਦਰ ਸਿੰਘ ਉਰਫ਼ ਛਿੰਦਾ ਅਤੇ ਹਰਵਿੰਦਰ ਸਿੰਘ ਉਰਫ਼ ਗੱਗੂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302, 379, 34 ਤੇ ਮਾਈਨਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਵਿਰੋਧੀਆਂ ਦਾ ਗਠਜੋੜ : ‘ਆਪ’    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News