ਤਾਰਾਂ ਨਾਲ ਗੇਟ ’ਚ ਆਇਆ ਕਰੰਟ; 4 ਸਾਲਾ ਬੱਚੀ ਦੀ ਗਈ ਜਾਨ
Friday, Jun 29, 2018 - 01:09 AM (IST)

ਬੰਗਾ, (ਚਮਨ ਲਾਲ/ਰਾਕੇਸ਼)- ਨਜ਼ਦੀਕੀ ਪਿੰਡ ਗੋਸਲਾ ਵਿਖੇ ਕਰੰਟ ਲੱਗਣ ਨਾਲ ਇਕ 4 ਸਾਲਾ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਚਰਨਜੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਸੁਨੈਨਾ (4) ਪੁੱਤਰੀ ਜਗਦੀਸ਼ ਪ੍ਰਵਾਸੀ ਮਜ਼ਦੂਰ ਵਾਸੀ ਰਾਏ ਬਰੇਲੀ (ਯੂ.ਪੀ) ਹਾਲ ਵਾਸੀ ਪਿੰਡ ਗੋਸਲਾ ਗੱਜਣ ਸਿੰਘ ਪੁੱਤਰ ਪਿਆਰਾ ਸਿੰਘ ਨਾਮੀ ਕਿਸਾਨ ਦੀ ਹਵੇਲੀ ਵਿਖੇ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ। ਉਸਦੇ ਮਾਤਾ ਪਿਤਾ ਖੇਤਾਂ ’ਚ ਝੋਨੇ ਦੀ ਲਵਾਈ ਲਈ ਗਏ ਹੋਏ ਸਨ। ਸੁਨੈਨਾ ਤੇ ਉਸਦੀ ਭੈਣ ਅੰਜਲੀ ਦੋਵੇਂ ਘਰ ਇਕੱਲੀਆਂ ਸਨ। ਜਿਵੇਂ ਹੀ ਸੁਨੈਨਾ ਨੇ ਘਰ ਦੇ ਬਾਹਰੀ ਗੇਟ ਨੂੰ ਹੱਥ ਲਾਇਆ ਤਾਂ ਉਸ ਨੂੰ ਕਰੰਟ ਲੱਗ ਗਿਆ। ਉਥੋਂ ਲੰਘ ਰਹੇ ਪਿੰਡ ਦੇ ਹੀ ਇਕ ਵਿਅਕਤੀ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਪਰ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਗੇਟ ’ਚ ਕਰੰਟ ਘਰ ਨੂੰ ਬਿਜਲੀ ਸਪਲਾਈ ਲਈ ਲਾਏ ਮੀਟਰ, ਜਿਸ ਦੀ ਤਾਰ ਗੇਟ ਦੇ ਉਪਰੋਂ ਲੰਘਦੀ ਹੈ, ਕਾਰਨ ਪਿਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਏ.ਐੱਸ.ਆਈ. ਸਤਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ, ਜਿਨ੍ਹਾਂ ਪਰਿਵਾਰਕ ਮੈਂਬਰਾਂ ਤੇ ਮੈਂਬਰ ਪੰਚਾਇਤ ਦੇ ਬਿਆਨਾਂ ’ਤੇ ਕਾਰਵਾਈ ਕਰ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।