ਪ੍ਰਵਾਸੀ ਮਜ਼ਦੂਰ ਦੀ ਭੇਤਭਰੀ ਹਾਲਤ ''ਚ ਮੌਤ

Monday, Oct 23, 2017 - 01:09 AM (IST)

ਪ੍ਰਵਾਸੀ ਮਜ਼ਦੂਰ ਦੀ ਭੇਤਭਰੀ ਹਾਲਤ ''ਚ ਮੌਤ

ਸ਼ਾਮਚੁਰਾਸੀ, (ਚੁੰਬਰ)- ਥਾਣਾ ਬੁੱਲ੍ਹੋਵਾਲ ਅਧੀਨ ਪੈਂਦੀ ਸ਼ਾਮਚੁਰਾਸੀ ਚੌਕੀ ਦੇ ਨਜ਼ਦੀਕ ਹੀ ਬੰਨ੍ਹ ਨੂੰ ਜਾਂਦੇ ਰਸਤੇ 'ਤੇ ਭੇਤਭਰੀ ਹਾਲਤ ਵਿਚ ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਡੀ. ਐੱਸ. ਪੀ. (ਆਰ) ਹਰਜਿੰਦਰ ਸਿੰਘ ਤੇ ਐੱਸ. ਐੱਚ. ਓ. ਬੁੱਲ੍ਹੋਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਾਮਚੁਰਾਸੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਰਾਜ ਕੁਮਾਰ ਰਾਜੂ ਵਾਸੀ ਲਖਨਊ, ਥਾਣਾ ਰਾਏਬਰੇਲੀ, ਯੂ. ਪੀ. ਹਾਲ ਵਾਸੀ ਕੋਟਲਾ ਥਾਣਾ ਆਦਮਪੁਰ ਦੀ ਪਤਨੀ ਰੂਪਾ ਦੇਵੀ ਨੇ ਕਿਹਾ ਕਿ ਉਸ ਦਾ ਪਰਿਵਾਰ ਮਜ਼ਦੂਰੀ ਕਰਦਾ ਹੈ। ਬੀਤੀ ਸ਼ਾਮ ਉਸ ਨੂੰ ਫੋਨ ਆਇਆ ਕਿ ਉਹ ਸ਼ਾਮਚੁਰਾਸੀ ਮੰਡੀ ਵਿਚ ਆ ਜਾਵੇ। ਇਸ ਦੇ ਬਾਅਦ ਮੇਰਾ ਪਤੀ ਦੇਰ ਰਾਤ ਤੱਕ ਘਰ ਵਾਪਸ ਨਹੀਂ ਪਰਤਿਆ। ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਮੰਡੀ ਵਿਚ ਹੈ, ਜਲਦੀ ਘਰ ਆ ਜਾਵੇਗਾ, ਪਰ ਉਹ ਰਾਤ ਭਰ ਘਰ ਨਹੀਂ ਆਇਆ। ਜਦੋਂ ਸਵੇਰੇ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਉਹ ਆਪਣੀ 17 ਸਾਲਾ ਲੜਕੀ ਪਿੰਕੀ ਨੂੰ ਨਾਲ ਲੈ ਕੇ ਆਪਣੇ ਪਤੀ ਦੀ ਭਾਲ ਵਿਚ ਮੰਡੀ ਨੂੰ ਪਿੰਡ ਕੋਟਲਾ ਤੋਂ ਸ਼ਾਮਚੁਰਾਸੀ ਨੂੰ ਜਾਂਦੇ ਕੱਚੇ ਰਸਤੇ ਰਾਹੀਂ ਜਾ ਰਹੀ ਸੀ ਕਿ ਉਸ ਨੂੰ ਸ਼ਾਮਚੁਰਾਸੀ ਨੇੜੇ ਕੁਝ ਲੋਕ ਇਕੱਠੇ ਹੋਏ ਦਿਸੇ। ਉਨ੍ਹਾਂ ਭੀੜ ਵਿਚ ਜਾ ਕੇ ਦੇਖਿਆ ਤਾਂ ਉਸ ਦਾ ਪਤੀ ਰਾਜ ਕੁਮਾਰ ਰਾਜੂ ਕਮਾਦ ਦੇ ਡੂੰਘੇ ਖੇਤ ਦੇ ਕਿਨਾਰੇ ਮ੍ਰਿਤਕ ਪਿਆ ਸੀ, ਜਿਸ ਦੀ ਸੱਜੀ ਅੱਖ 'ਤੇ ਸੱਟ ਦਾ ਨਿਸ਼ਾਨ ਸੀ ਅਤੇ ਨੱਕ ਤੇ ਮੂੰਹ ਵਿਚੋਂ ਖ਼ੂਨ ਨਿਕਲਿਆ ਹੋਇਆ ਸੀ। ਉਸ ਨੂੰ ਆਪਣੇ ਪਤੀ ਦੀ ਮੌਤ 'ਤੇ ਸ਼ੱਕ ਹੈ। 
ਪੁਲਸ ਉਕਤ ਰਹੱਸ ਬਣੀ ਮੌਤ ਸਬੰਧੀ ਵੱਖ-ਵੱਖ ਥਿਊਰੀਆਂ 'ਤੇ ਕੰਮ ਰਹੀ ਹੈ। ਇਸ ਸਬੰਧੀ ਡੀ. ਐੱਸ. ਪੀ. (ਆਰ) ਹਰਜਿੰਦਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਹੀ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਭੇਤਭਰੀ ਮੌਤ ਦੀ ਗੁੱਥੀ ਜਲਦ ਸੁਲਝਾ ਲਈ ਜਾਵੇਗੀ।


Related News