ਸੜਕ ਹਾਦਸੇ ''ਚ ਪਤੀ-ਪਤਨੀ ਦੀ ਮੌਤ; 2 ਜ਼ਖਮੀ

Tuesday, Jun 20, 2017 - 04:29 AM (IST)

ਨਵਾਂਸ਼ਹਿਰ/ਜਾਡਲਾ,   (ਤ੍ਰਿਪਾਠੀ/ਜਸਵਿੰਦਰ)-  ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ 'ਤੇ ਪਿੰਡ ਸਨਾਵਾ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਪਲਟੀ ਕਾਰ ਦੀ ਲਪੇਟ 'ਚ ਆਏ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦੋਂਕਿ ਕਾਰ 'ਚ ਸਵਾਰ ਚਾਲਕ ਤੇ ਉਸ ਦੀ 19 ਸਾਲਾ ਲੜਕੀ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਲੁਧਿਆਣਾ ਵਾਸੀ ਸ਼ਾਂਤੀ ਲਾਲ (58) ਪੁੱਤਰ ਹਰੀ ਦੇਵ ਆਪਣੀ ਪਤਨੀ ਸੰਤੋਸ਼ ਰਾਣੀ (54) ਨਾਲ ਮੋਟਰਸਾਈਕਲ 'ਤੇ ਬਲਾਚੌਰ ਦੇ ਪਿੰਡ ਥੋਪੀਆ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਲੁਧਿਆਣਾ ਜਾ ਰਹੇ ਸਨ ਕਿ ਪਿੰਡ ਸਨਾਵਾ ਨੇੜੇ ਨਵਾਂਸ਼ਹਿਰ ਵੱਲੋਂ ਆ ਰਹੀ ਕਾਰ ਟਰੱਕ ਦੀ ਟੱਕਰ ਵੱਜਣ ਨਾਲ ਪਲਟ ਗਈ ਤੇ ਉਕਤ ਮੋਟਰਸਾਈਕਲ ਸਵਾਰਾਂ 'ਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਸ਼ਾਂਤੀ ਲਾਲ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਦਮ ਤੋੜ ਗਈ।
ਉਧਰ, ਕਾਰ 'ਚ ਸਵਾਰ ਮਨਮੋਹਨ ਸਿੰਘ ਤੇ ਉਸ ਦੀ 19 ਸਾਲਾ ਲੜਕੀ ਦਿਵਿਆ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਫਰੀਦਾਬਾਦ ਦਾ ਵਾਸੀ ਮਨਮੋਹਨ ਸਿੰਘ ਚਲਾ ਰਿਹਾ ਸੀ, ਜੋ ਆਪਣੀ ਪਤਨੀ ਤੇ 2 ਬੱਚਿਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਚੰਡੀਗੜ੍ਹ ਜਾ ਰਿਹਾ ਸੀ। 
ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭਿਜਵਾ ਦਿੱਤਾ ਤੇ ਕਾਰਵਾਈ ਆਰੰਭੀ।


Related News