ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਪਾਰੀ ਦੀ ਹਸਪਤਾਲ ''ਚ ਮੌਤ
Tuesday, Mar 13, 2018 - 11:58 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ)-ਬੀਤੇ ਦਿਨੀਂ ਬਠਿੰਡਾ ਰੋਡ ਸਥਿਤ ਇਕ ਨਿੱਜੀ ਹਸਪਤਾਲ ਦੇ ਬਾਹਰ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੇ ਗਏ ਕਾਤਿਲਾਨਾ ਹਮਲੇ 'ਚ ਜ਼ਖ਼ਮੀ ਹੋਏ ਸ਼ਹਿਰ ਦੇ ਕੋਲਾ ਵਪਾਰੀ ਗੁਰਦੇਵ ਸਿੰਘ ਅਟਵਾਲ ਨੇ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਇਲਾਜ ਦੌਰਾਨ ਅੱਜ ਦੁਪਹਿਰ ਸਮੇਂ ਦਮ ਤੋੜ ਦਿੱਤਾ। ਉੱਧਰ, ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੇ ਕੇਸ ਦੀ ਧਾਰਾ ਵਿਚ ਵਾਧਾ ਕਰਦਿਆਂ ਧਾਰਾ 302 ਵੀ ਲਾ ਦਿੱਤੀ ਹੈ ਪਰ ਹਮਲਾਵਾਰਾਂ ਦਾ ਸੁਰਾਗ ਲਾਉਣ 'ਚ ਪੁਲਸ ਦੇ ਹੱਥ ਅਜੇ ਵੀ ਖਾਲੀ ਹੀ ਹਨ ਹਾਲਾਂਕਿ ਸੰਪਰਕ ਕਰਨ 'ਤੇ ਪੁਲਸ ਅਧਿਕਾਰੀ ਪੁੱਛਗਿੱਛ ਜਾਰੀ ਹੋਣ ਦੇ ਦਾਅਵੇ ਕਰ ਰਹੇ ਹਨ, ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ ਪਰ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਵੀ ਇਸ ਹਮਲੇ ਨੂੰ ਲੈ ਕੇ ਫਿਲਹਾਲ ਕਿਸੇ ਵਿਅਕਤੀ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਜਤਾਇਆ ਹੈ, ਜਿਸ ਕਰ ਕੇ ਇਹ ਮਾਮਲਾ ਅਜੇ ਤੱਕ ਅਣ-ਸੁਲਝਿਆ ਹੀ ਪ੍ਰਤੀਤ ਹੋ ਰਿਹਾ ਹੈ।
ਐੱਸ. ਪੀ. ਡੀ. ਬਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮਾਮਲੇ ਨੂੰ ਸੁਲਝਾਅ ਲਿਆ ਜਾਵੇਗਾ, ਜਦਕਿ ਇਸ ਹਮਲੇ ਨੂੰ ਲੈ ਕੇ ਸ਼ਹਿਰ ਦੇ ਬਠਿੰਡਾ ਰੋਡ ਸਥਿਤ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।