ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

07/16/2018 1:14:20 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਆਸਪੁਰ ਦੀ ਜ਼ਮੀਨ ’ਚ ਅੱਜ ਬਾਅਦ ਦੁਪਿਹਰ ਕੰਮ ਕਰਦੇ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। 
 ਇਸ ਸਬੰਧੀ ਪਿੰਡ ਆਸਪੁਰ ਦੇ ਗੁਰਦੀਪ  ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗੀਰ ਸਿੰਘ (50) ਪੁੱਤਰ ਤੇਜਾ ਸਿੰਘ  ਆਪਣੀ ਜ਼ਮੀਨ ’ਚ  ਕੰਮ ਕਰਨ ਲਈ ਗਏ ਸਨ। ਅਚਾਨਕ ਹਨੇਰੀ ਕਾਰਨ ਬਿਜਲੀ ਦੀ ਤਾਰ ਖੇਤ ’ਚ ਡਿੱਗ ਗਈ, ਜਿਸ ਨੂੰ ਉਹ ਇਕੱਠਾ ਕਰ ਰਹੇ ਸਨ ਕਿ ਉਪਰੋਂ ਲੰਘਦੀਅਾਂ  ਤਾਰਾਂ ਨਾਲ  ਜ਼ਮੀਨ  ’ਤੇ  ਡਿੱਗੀ  ਤਾਰ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੇ ਪਿਤਾ ਨੂੰ  ਜ਼ੋਰਦਾਰ ਕਰੰਟ ਲੱਗਾ  ਤੇ  ਉਨ੍ਹਾਂ  ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਤਲਾਹ ਮਿਲਦਿਆਂ ਹੀ ਭਰਤਗਡ਼੍ਹ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਇੰਦਰਜੀਤ ਸਿੰਘ  ਪੁਲਸ ਪਾਰਟੀ ਸਮੇਤ ਹਾਦਸੇ ਵਾਲੀ ਥਾਂ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ।  ਪੁਲਸ ਨੇ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ  ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ।
ਜੇਕਰ ਤਾਰਾਂ ’ਚ ਲੋਡ਼ੀਂਦੇ ਸੁਧਾਰ ਨਾ ਹੋਏ ਤਾਂ ਹੋਰ ਵੀ ਨੁਕਸਾਨ ਦਾ ਖਦਸ਼ਾ : ਇਲਾਕਾ ਵਾਸੀ
ਅੱਜ ਆਸਪੁਰ ਵਿਚ ਵਾਪਰੇ ਇਸ ਹਾਦਸੇ ਪ੍ਰਤੀ ਮੌਜੂਦਾ ਸਰਪੰਚ ਗੁਰਮੀਤ ਸਿੰਘ ਸੈਣੀ, ਸਾਬਕਾ ਸਰਪੰਚ ਮੋਹਣ ਸਿੰਘ, ਨੰਬਰਦਾਰ ਗੁਰਮੁਖ ਸਿੰਘ ਮਾਜਰੀ ਸਮੇਤ ਉਕਤ ਦੇ ਵਾਰਸਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਦੀ ਉਕਤ ਪਿੰਡ ’ਚ ਆਪਣੇ ਕੰਮ ਦੀ ਢਿੱਲੀ ਕਾਰਗੁਜ਼ਾਰੀ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਦੀ ਜ਼ਮੀਨ ਅਤੇ ਪਿੰਡਾਂ ਦੇ ਘਰਾਂ ਨੇਡ਼ਿਓਂ ਲੰਘ ਰਹੀ ਬਿਜਲੀ ਸਪਲਾਈ ਵਾਲੀਆਂ ਕਮਜ਼ੋਰ ਤਾਰਾਂ ਅਤੇ ਉਨ੍ਹਾਂ ਦੇ ਅਚਾਨਕ ਟੁੱਟਣ ਸਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਇਤਲਾਹ ਕਰ ਚੁੱਕੇ ਹਨ ਪਰ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਇਸ ਦੇ ਹੱਲ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਜੇਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਡੇ ਪਿੰਡ ਅੰਦਰ ਬਿਜਲੀ ਦੀ ਸਪਲਾਈ ਸੁਧਾਰਨ ਸਬੰਧੀ ਸਹੀ ਕਦਮ ਮੌਕੇ ਸਿਰ ਨਾ ਚੁੱਕੇ ਤਾਂ ਭਵਿੱਖ ’ਚ ਹੋਰ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਪਾਵਰਕਾਮ ਦੇ ਐੱਸ.ਡੀ.ਓ. ਨੇ ਦੇਖਿਆ ਮੌਕਾ
 ਉਕਤ ਹਾਦਸੇ ਦੀ ਇਤਲਾਹ ਮਿਲਦਿਆਂ ਹੀ ਪਾਵਰਕਾਮ ਦੇ ਐੱਸ.ਡੀ.ਓ. ਰਣਜੀਤ ਸਿੰਘ ਨਾਗਰਾ ਨੇ ਹੋਰਨਾਂ ਅਧਿਕਾਰੀਆਂ ਨਾਲ  ਘਟਨਾ  ਸਥਾਨ ’ਤੇ  ਪੁੱਜੇ ਤੇ ਜਾਂਚ-ਪਡ਼ਤਾਲ ਕਰਦਿਆਂ ਕਿਹਾ ਕਿ ਉਕਤ ਕਿਸਾਨ ਨੂੰ ਆਪਣੀ ਜ਼ਮੀਨ ’ਚ ਡਿੱਗੀ ਹੋਈ ਬਿਜਲਈ ਤਾਰ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ।   ਫਿਲਹਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਯੋਗ ਸਹਾਇਤਾ ਲਈ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ’ਚ ਬਿਜਲੀ ਦੀ ਸਪਲਾਈ ਲਈ ਯੋਗ ਇੰਤਜ਼ਾਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।


Related News