ਮਨਜਿੰਦਰ ਸਿੰਘ ਸਿਰਸਾ ਸਮੇਤ ਪੰਜਾਬ ਦੇ ਇਨ੍ਹਾਂ ਵੱਡੇ ਲੀਡਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Monday, Jul 08, 2024 - 07:14 PM (IST)

ਜਲੰਧਰ (ਵੈੱਬ ਡੈਸਕ)-ਪੰਜਾਬ ਤੇ ਕੇਂਦਰੀ ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਦਰਅਸਲ ਪੰਜਾਬ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ, ਸ਼੍ਰੀ ਨਿਵਾਸਲੂ, ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾਨ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸਬੰਧੀ ਇਕ ਚਿੱਠੀ ਵੀ ਸਾਹਮਣੇ ਆਈ ਹੈ, ਜਿਸ ਵਿਚ ਇਨ੍ਹਾਂ ਆਗੂਆਂ ਦੇ ਨਾਂ ਸ਼ਾਮਲ ਹਨ। ਸਾਹਮਣੇ ਆਈ ਚਿੱਠੀ ਵਿਚ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਹਨ। 

ਇਸ ਸਬੰਧੀ ਧਮਕੀ ਭਰੇ ਪੱਤਰ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੇ ਹਨ। ਇਨ੍ਹਾਂ ਪੱਤਰਾਂ 'ਚ ਕੁਝ ਜਲਣਸ਼ੀਲ ਪਦਾਰਥ ਵੀ ਮਿਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਨੇਤਾਵਾਂ ਨੂੰ ਅਜਿਹੇ ਧਮਕੀ ਭਰੇ ਪੱਤਰ ਮਿਲੇ ਹਨ। ਭਾਜਪਾ ਆਗੂਆਂ ਨੇ ਇਸ ਸਬੰਧੀ ਚੰਡੀਗੜ੍ਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ। ਚਿੱਠੀ ਵਿੱਚ ਭਾਜਪਾ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆਂ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਹਨ।ਭਾਜਪਾ ਆਗੂਆਂ ਨੇ ਦੱਸਿਆ ਕਿ ਮੰਗਲਵਾਰ ਉਹ ਇਸ ਮਾਮਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਡੀ. ਜੀ. ਪੀ. ਨੂੰ ਮਿਲਣ ਜਾ ਰਹੇ ਹਨ। ਉਹ ਆਪਣੀ ਕਿਸਮ ਦਾ ਨਵਾਂ ਕੇਸ ਹੈ। ਹਾਸਲ ਜਾਣਕਾਰੀ ਮੁਤਾਬਕ ਪੱਤਰ ਭੇਜਣ ਵਾਲੇ ਨੇ ਪ੍ਰਮੁੱਖਤਾ ਨਾਲ ਚਾਰ ਅਹਿਮ ਨੁਕਤੇ ਉਠਾਏ ਹਨ। ਪੱਤਰ ਮਿਲਣ ਤੋਂ ਬਾਅਦ ਪਾਰਟੀ ਆਗੂ ਵੀ ਹੈਰਾਨ ਹਨ। ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਕਦੇ ਪੈਦਾ ਨਹੀਂ ਹੋਈ। ਲੰਬੇ ਸਮੇਂ ਤੋਂ ਨੇਤਾ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਦੇ ਰਹਿੰਦੇ ਸਨ ਪਰ ਅਜਿਹਾ ਪਹਿਲੀ ਵਾਰ ਸਾਹਮਣੇ ਆਇਆ ਹੈ।

ਪੱਤਰ ਵਿੱਚ ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾਂ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਗਿਆ ਹੈ ਕਿ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਆਪਣੇ ਸਿਰਾਂ ਉਪਰ ਪੱਗਾਂ  ਬੰਨ੍ਹੀਆਂ ਹੋਈਆਂ ਹਨ ਪਰ ਤੁਸੀਂ ਭਾਜਪਾ ਅਤੇ ਆਰ. ਐੱਸ. ਐੱਸ. ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਹੇ ਹੋ। ਤੁਸੀਂ ਆਰ. ਐੱਸ. ਐੱਸ. ਨਾਲ ਮਿਲ ਕੇ ਸਿੱਖ ਮਾਮਲਿਆਂ ਵਿੱਚ ਦਖ਼ਲ ਦੇ ਰਹੇ ਹੋ। ਇਸ ਲਈ ਤੁਹਾਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ। ਤੁਸੀਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹੀ ਉਠਾ ਦੇਵਾਂਗੇ।

PunjabKesari

ਚਿੱਠੀ 'ਚ ਲਿਖਿਆ ਗਿਆ ਹੈ-

''ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਅੱਲਾਹ ਹੁ ਅਕਬਰ, ਸਲਾਮ ਵਾਲੇਕਮ

ਅਸੀਂ ਇਹ ਚਿੱਠੀ ਪਰਮਿੰਦਰ ਬਰਾੜ ਅਤੇ ਤਜਿੰਦਰ ਸਰਾਂ ਨੂੰ ਵਾਰਨਿੰਗ ਦੇਣ ਲਈ ਲਿਖ ਰਹੇ ਹਾਂ। ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਬਹੁਤ ਵਾਰ ਸਮਝਾਇਆ ਹੈ ਕਿ ਤੁਸੀਂ ਪੱਗਾਂ 'ਚ ਸਿਰ ਫਸਾ ਕੇ ਸਿੱਖਾਂ ਨਾਲ ਪੰਜਾਬ ਦੇ ਲੋਕਾਂ ਨਾਲ ਆਰ.ਐੱਸ.ਐੱਸ. ਤੇ ਬੀ.ਜੇ.ਪੀ. ਨਾਲ ਮਿਲ ਕੇ ਧੋਖਾ ਕਰ ਰਹੇ ਹੋ। ਆਰ.ਐੱਸ.ਐੱਸ. ਨਾਲ ਮਿਲ ਕੇ ਸਿੱਖ ਧਰਮ 'ਚ ਦਖਲ ਅੰਦਾਜ਼ੀ ਕਰ ਰਹੇ ਹੋ, ਜਿਹੜੀ ਸਾਨੂੰ ਬਰਦਾਸ਼ਤ ਨਹੀਂ ਹੈ।

ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ, ਪਰ ਤੁਹਾਨੂੰ ਇਹ ਗੱਲ ਲੱਗਦਾ ਐਵੇਂ ਸਮਝ ਨਹੀਂ ਆਉਣੀ ਕਿ ਬੀ.ਜੇ.ਪੀ. ਛੱਡ ਦਿਓ, ਨਹੀਂ ਤਾਂ ਅਸੀਂ ਤੁਹਾਡੇ ਤੋਂ ਇਹ ਦੁਨੀਆ ਹੀ ਛੁਡਵਾ ਦਿਆਂਗੇ। ਪੰਜਾਬ ਦੇ ਕਿਸਾਨ ਭਾਈਆਂ ਦੇ ਅੰਦੋਲਨ ਨੂੰ ਵੀ ਤੁਸੀਂ ਖੇਰੂੰ-ਖੇਰੂੰ ਕਰਨ ਲਈ ਬੀ.ਜੇ.ਪੀ. ਸਰਕਾਰ ਨਾਲ ਮਿਲ ਕੇ ਚਾਲਾਂ ਚੱਲੀਆਂ। ਤੁਸੀਂ ਸਿੱਖ ਕੌਮ ਦੇ ਗੱਦਾਰ ਹੋ। ਆਰ.ਐੱਸ.ਐੱਸ. ਤੇ ਬੀ.ਜੇ.ਪੀ. ਦੇ ਮਗਰ ਲੱਗ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਇਨ੍ਹਾਂ ਨੂੰ ਬੀ.ਜੇ.ਪੀ. ਜੁਆਇਨ ਕਰਵਾਉਣ ਲਈ ਤੁਸੀਂ ਸਾਜ਼ਿਸ਼ ਤਹਿਤ ਪੰਜਾਬ ਦਾ ਨੁਕਸਾਨ ਕਰ ਰਹੇ ਹੋ। 

PunjabKesari

ਤੁਸੀਂ ਸਿੱਖ-ਮੁਸਲਿਮ ਭਾਈਚਾਰਾ ਖ਼ਰਾਬ ਕਰਨ ਲਈ ਬਹੁਤ ਕੁੱਝੀਆਂ ਚਾਲਾਂ ਚੱਲੀਆਂ, ਇਨ੍ਹਾਂ ਬੀ.ਜੇ.ਪੀ. ਤੇ ਆਰ.ਐੱਸ.ਐੱਸ. ਵਾਲਿਆਂ ਨੇ ਤੁਹਾਨੂੰ ਵਰਤ ਕੇ ਸੁੱਟ ਦੇਣਾ ਹੈ। ਪੰਜਾਬ ਤੇ ਸਿੱਖਾਂ ਨੂੰ ਖ਼ਤਮ ਕਰਨ ਵਾਲੇ ਕਈ ਆਏ ਤੇ ਕਈ ਗਏ, ਨਾ ਤਾਂ ਪੰਜਾਬ ਖ਼ਤਮ ਹੋਇਆ ਤੇ ਨਾ ਹੀ ਸਿੱਖਾਂ ਦੀ ਸੋਚ। ਤੁਸੀਂ ਪੰਜਾਬ 'ਚ ਬਹੁਤ ਗੰਦ ਪਾਇਆ ਹੈ। ਇਹ ਗੰਦ ਹੁਣ ਸਾਨੂੰ ਸਾਫ਼ ਕਰਨਾ ਪੈਣਾ। ਜਲਦੀ ਹੀ ਤੁਹਾਨੂੰ ਟੱਕਰਾਂਗੇ। ਸਾਨੂੰ ਸਭ ਪਤਾ ਤੁਸੀਂ ਚੰਡੀਗੜ੍ਹ ਬੈਠ ਕੇ ਜੋ ਸਾਡੇ ਖ਼ਿਲਾਫ਼ ਸਾਜ਼ਿਸ਼ਾਂ ਕਰਦੇ ਹੋ, ਅਸੀਂ ਇਸ ਦਾ ਬਦਲਾ ਜਲਦੀ ਲਵਾਂਗੇ। 

ਤੁਸੀਂ ਲੋਕ ਮੋਦੀ ਦੇ ਕੁੱਤੇ ਬਣੇ ਹੋਏ ਹੋ। ਮਨਜਿੰਦਰ ਸਿਰਸਾ ਵੀ ਬੜਾ ਆਰ.ਐੱਸ.ਐੱਸ. ਦੀ ਬੋਲੀ ਬੋਲਦਾ ਹੈ। ਪੰਜਾਬ ਲਈ ਇਸ ਨੂੰ ਸਬਕ ਸਿਖਾਵਾਂਗੇ। ਮਨਜਿੰਦਰ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਆਰ.ਐੱਸ.ਐੱਸ. ਤੇ ਬੀ.ਜੇ.ਪੀ. ਦੀ ਗ਼ੁਲਾਮ ਕਰ ਦਿੱਤੀ। ਇਸ ਨੂੰ ਤਾਂ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ। ਦਿੱਲੀ ਦੇ ਗੁਰਦੁਆਰਿਆਂ ਨੂੰ ਤੇ ਗੁਰੂ ਸਾਹਿਬ ਨੂੰ ਜਲਦੀ ਬੀ.ਜੇ.ਪੀ. ਤੇ ਆਰ.ਐੱਸ.ਐੱਸ. ਤੋਂ ਆਜ਼ਾਦ ਕਰਵਾਇਆ ਜਾਵੇਗਾ। ਸਾਡੇ ਕਈ ਭਰਾਵਾਂ ਨੂੰ ਬੀ.ਜੇ.ਪੀ. ਸਰਕਾਰ ਨੇ ਕੈਨੇਡਾ, ਪਾਕਿਸਤਾਨ ਤੇ ਭਾਰਤ 'ਚ ਜਾਨੋਂ ਮਰਵਾ ਦਿੱਤਾ ਹੈ। ਤੁਹਾਨੂੰ ਮਾਰ ਕੇ ਅਸੀਂ ਉਨ੍ਹਾਂ ਦਾ ਬਦਲਾ ਲਵਾਂਗੇ। 

ਅਸੀਂ ਸ਼੍ਰੀ ਨਿਵਾਸ ਬੀ.ਜੇ.ਪੀ. ਵਾਲੇ ਨੂੰ ਵੀ ਚਿਤਾਵਨੀ ਦਿੰਦੇ ਹਾਂ ਕਿ ਪੰਜਾਬ ਛੱਡ ਕੇ ਚਲਾ ਜਾਵੇ, ਸਾਡੀ ਉਸ ਨਾਲ ਕੋਈ ਦੁਸ਼ਮਣੀ ਨਹੀਂ, ਪਰ ਅਸੀਂ ਸਿੱਖਾਂ ਦੇ ਗੱਦਾਰਾਂ ਨੂੰ ਨਹੀਂ ਬਖ਼ਸ਼ਣਾ। ਖਾਲਿਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ। ਤੁਹਾਡੇ ਵਰਗੇ ਗੰਦੀ ਨਾਲੀ ਦੇ ਕੀੜੇ ਕਈ ਆਏ ਕਈ ਗਏ।''

ਇਹ ਵੀ ਪੜ੍ਹੋ- ਬੰਦ ਹੋ ਗਏ ਸ਼ਰਾਬ ਦੇ ਠੇਕੇ, ਦੋ ਦਿਨ ਨਹੀਂ ਮਿਲੇਗੀ ਦਾਰੂ, ਜਾਣੋ ਕੀ ਹੈ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News