ਇੰਗਲੈਂਡ ਨੇ ਸਵਿਟਜ਼ਰਲੈਂਡ ਨੂੰ ਹਰਾ ਕੇ ਯੂਰੋ ਕੱਪ ਦੇ ਸੈਮੀਫਾਈਨਲ ''ਚ ਪ੍ਰਵੇਸ਼ ਕੀਤਾ
Monday, Jul 08, 2024 - 08:54 PM (IST)
ਡਸੇਲਡੋਰਫਰ (ਵਾਰਤਾ) ਇੰਗਲੈਂਡ ਨੇ ਸਵਿਟਜ਼ਰਲੈਂਡ ਨੂੰ ਪੈਨਲਟੀ ਸ਼ੂਟ ਆਊਟ 'ਚ ਹਰਾ ਕੇ ਯੂਰੋ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਰਮਨੀ ਦੇ ਡਸੇਲਡੋਰਫ 'ਚ ਇੰਗਲੈਂਡ ਅਤੇ ਸਵਿਟਜ਼ਰਲੈਂਡ ਵਿਚਾਲੇ ਖੇਡਿਆ ਗਿਆ ਤੀਜਾ ਕੁਆਰਟਰ ਫਾਈਨਲ ਨਿਰਧਾਰਿਤ ਸਮੇਂ 'ਤੇ 1-1 ਨਾਲ ਡਰਾਅ ਹੋਣ ਤੋਂ ਬਾਅਦ ਜੇਤੂ ਟੀਮ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ। ਇੰਗਲੈਂਡ ਨੇ ਪੈਨਲਟੀ ਸ਼ੂਟਆਊਟ 'ਚ ਸਵਿਟਜ਼ਰਲੈਂਡ ਨੂੰ 5-3 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਪਹਿਲੇ ਹਾਫ ਤੱਕ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋ ਸਕਿਆ। ਆਖਰੀ 15 ਮਿੰਟਾਂ ਵਿੱਚ ਦੋਵਾਂ ਟੀਮਾਂ ਨੇ 1-1 ਗੋਲ ਕੀਤਾ। ਸਵਿਟਜ਼ਰਲੈਂਡ ਦੇ ਬ੍ਰੀਏਲ ਐਂਬੋਲੋ ਨੇ 75ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ, ਪੰਜ ਮਿੰਟ ਬਾਅਦ ਇੰਗਲੈਂਡ ਦੇ ਬੁਕਾਯੋ ਸਾਕਾ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਖੇਡ ਦੇ ਅੰਤ ਤੱਕ ਕੋਈ ਵੀ ਜਿੱਤ ਨਹੀਂ ਸਕਿਆ ਅਤੇ ਮੈਚ ਡਰਾਅ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਖੇਡਿਆ ਗਿਆ। ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਜਿਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਇੰਗਲੈਂਡ ਲਈ ਕੋਲ ਪਾਮਰ, ਜੂਡ ਬੇਲਿੰਘਮ, ਸਾਕਾ, ਇਵਾਨ ਟੋਨੀ ਅਤੇ ਬਦਲ ਵਜੋਂ ਸ਼ਾਮਲ ਟਰੈਂਟ ਅਲੈਗਜ਼ੈਂਡਰ ਨੇ ਗੋਲ ਕਰਕੇ ਟੀਮ ਨੂੰ 5-3 ਨਾਲ ਜਿੱਤ ਦਿਵਾਈ।