ਆਸ਼ਕ ਨਾਲ ਮਿਲ ਜਿਊਂਦਾ ਸਾੜ''ਤਾ ਘਰਵਾਲਾ, ਚੱਕਰਾਂ ''ਚ ਪਾ''ਤੀ ਪੰਜਾਬ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Tuesday, Jul 09, 2024 - 03:36 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਬੀਤੇ ਦਿਨੀਂ ਹੰਡਿਆਇਆ-ਬਰਨਾਲਾ ਬਾਈਪਾਸ ਮੋਗਾ ਸਲਿੱਪ ਰੋਡ 'ਤੇ ਇਕ ਨੌਜਵਾਨ ਦੀ ਕਾਰ ਨੂੰ ਅੱਗ ਲੱਗ ਜਾਣ ਕਾਰਨ ਸੜ ਕੇ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਸੀ। ਉਸ ਭਿਆਨਕ ਹਾਦਸੇ ਤੋਂ ਬਾਅਦ ਜਦੋਂ ਪੁਲਸ ਨੇ ਮਾਮਲੇ ਦੀ ਤਫ਼ਤੀਸ਼ ਕੀਤੀ ਤਾਂ ਜੋ ਸੱਚ ਸਾਹਮਣੇ ਆਇਆ, ਉਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।
ਪੁਲਸ ਨੂੰ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਇਹ ਇਕ ਹਾਦਸਾ ਨਹੀਂ ਸੀ ਬਲਕਿ, ਇਕ ਸੋਚੀ ਸਮਝੀ ਚਾਲ ਦੇ ਤਹਿਤ ਕੀਤਾ ਗਿਆ ਕਤਲ ਸੀ। ਇਸ ਵਾਰਦਾਤ ਨੂੰ ਉਸ ਦੀ ਪਤਨੀ ਅਤੇ ਪਤਨੀ ਦੇ ਪ੍ਰੇਮੀ ਨੇ ਰਲ਼ ਅੰਜਾਮ ਦਿੱਤਾ ਸੀ ਤੇ ਉਸ ਦਾ ਕਤਲ ਕਰ ਕੇ ਉਸ ਦੀ ਕਾਰ ਨੂੰ ਅੱਗ ਲਾ ਦਿੱਤੀ ਸੀ। ਇਸ ਸਬੰਧੀ ਮੀਡੀਆ ’ਚ ਵੀ ਇਹ ਖ਼ਬਰਾਂ ਆਈਆਂ ਸਨ ਕਿ ਕਾਰ ਨੂੰ ਅੱਗ ਲੱਗਣ ਕਾਰਨ ਹੀ ਹਰਚਰਨ ਸਿੰਘ ਦੀ ਮੌਤ ਹੋਈ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਉਰਫ ਜਗਤਾਰ ਸਿੰਘ ਵਾਸੀ ਦਰਾਜ ਦੀ ਪਤਨੀ ਸੁਖਜੀਤ ਕੌਰ ਵਾਸੀ ਮਹਿਰਾਜ ਜ਼ਿਲ੍ਹਾ ਬਠਿੰਡਾ ਦੇ ਲੱਗਭਗ 3 ਸਾਲਾਂ ਤੋਂ ਹਰਦੀਪ ਸਿੰਘ ਵਾਸੀ ਮਹਿਰਾਜ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਕਿ ਉਸ ਦੇ ਪਤੀ ਹਰਚਰਨ ਨੂੰ ਪਤਾ ਲੱਗ ਗਿਆ। ਉਹ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।
ਉਸ ਨੂੰ ਆਪਣੇ ਰਸਤੇ ’ਚੋਂ ਹਟਾਉਣ ਲਈ ਇਨ੍ਹਾਂ ਦੋਹਾਂ ਨੇ ਰਲ਼ ਕੇ ਇਹ ਸਾਜ਼ਿਸ਼ ਰਚੀ। ਇਸ ਸਾਜ਼ਿਸ਼ ’ਚ ਹਰਦੀਪ ਸਿੰਘ ਨੇ ਆਪਣੇ ਦੋਸਤ ਸੁਖਦੀਪ ਸਿੰਘ ਵਾਸੀ ਰਾਮਪੁਰਾ ਨੂੰ ਵੀ ਸ਼ਾਮਲ ਕਰ ਲਿਆ ਅਤੇ 16 ਜੂਨ ਨੂੰ ਮੁਲਜ਼ਮ ਹਰਦੀਪ ਸਿੰਘ ਨੇ ਵਾਰ-ਵਾਰ ਫੋਨ ਕਰ ਕੇ ਮ੍ਰਿਤਕ ਹਰਚਰਨ ਸਿੰਘ ਨੂੰ ਘਟਨਾ ਸਥਾਨ ’ਤੇ ਬੁਲਾਇਆ। ਉਕਤ ਤਿੰਨੇ ਮੁਲਜ਼ਮ ਉਸ ਦੀ ਦੀ ਕਾਰ ’ਚ ਸਵਾਰ ਹੋ ਗਏ। ਫਿਰ ਮੱਛਰ ਮਾਰਨ ਵਾਲੀ ਹਿੱਟ ਉਸ ਦੇ ਨੱਕ ’ਚ ਪਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬੇਹੋਸ਼ ਕਰਨ ਮਗਰੋਂ ਉਨ੍ਹਾਂ ਨੇ ਉਸ ਨੂੰ ਕਾਰ ਸਣੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ।
ਇਹ ਵੀ ਪੜ੍ਹੋ- ਘਰੋਂ ਡਿਊਟੀ 'ਤੇ ਗਿਆ PRTC ਦਾ ਕੰਡਕਟਰ ਹੋਇਆ ਲਾਪਤਾ, ਜਿਸ ਹਾਲ 'ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼
ਇਸ ਦੀ ਸੂਚਨਾ ਜਦ ਫਾਇਰ ਬ੍ਰਿਗੇਡ ਨੂੰ ਮਿਲੀ ਤਾਂ ਮੌਕੇ ’ਤੇ ਪਹੁੰਚ ਕੇ ਫਾਇਰ ਬਿਗ੍ਰੇਡ ਨੇ ਅੱਗ 'ਤੇ ਕਾਬੂ ਪਾਇਆ। ਮੌਕੇ ’ਤੇ ਫੌਰੈਂਸਿਕ ਟੀਮਾਂ ਵੱਲੋਂ ਵੀ ਸੈਂਪਲ ਲਏ ਗਏ। ਜਿਸ ’ਤੇ ਸ਼ੱਕ ਪੈਦਾ ਹੋ ਗਿਆ ਕਿਉਂਕਿ ਸੀ.ਸੀ.ਟੀ.ਵੀ ਫੁਟੇਜ਼ ’ਚ ਵੀ ਇਕ ਕਾਰ ਮੌਕੇ ਤੋਂ ਜਾਂਦੀ ਵੇਖੀ ਗਈ ਸੀ ਅਤੇ ਇਹ ਕਾਰ ਉਥੇ ਲੱਗਭਗ 10-15 ਮਿੰਟ ਖੜ੍ਹੀ ਰਹੀ।
ਮਾਰਨ ਤੋਂ ਪਹਿਲਾਂ ਕਰਵਾਇਆ ਗਿਆ ਸੀ 1 ਕਰੋੜ ਦਾ ਬੀਮਾ
ਦਰਾਜ ਦੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਹਰਚਰਨ ਸਿੰਘ ਬਹੁਤ ਹੀ ਸ਼ਰੀਫ਼ ਇਨਸਾਨ ਸੀ। ਉਸ ਦੀ ਪਤਨੀ ਸੁਖਜੀਤ ਕੌਰ ਦੇ ਹਰਦੀਪ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਇਹ ਪਿਛਲੇ ਲੰਮੇ ਸਮੇਂ ਤੋਂ ਸਾਜ਼ਿਸ਼ ਕਰ ਰਹੇ ਸਨ। ਗੱਲਬਾਤ ਕਰਦਿਆਂ ਪਿੰਡ ਦਰਾਜ ਦੇ ਚਮਕੌਰ ਸਿੰਘ, ਮਨਦੀਪ ਸਿੰਘ ਸਾਬਕਾ ਸਰਪੰਚ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਪੈਸੇ ਹੜੱਪਣ ਦੀ ਨੀਅਤ ਨਾਲ ਕਤਲ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਕਿਉਂਕਿ ਹਰਚਰਨ ਸਿੰਘ ਕੋਲ ਲੱਗਭਗ 10 ਏਕੜ ਜ਼ਮੀਨ ਵੀ ਸੀ।
ਇਨਾ ਹੀ ਨਹੀਂ, ਮੁਲਜ਼ਮਾਂ ਨੇ ਮ੍ਰਿਤਕ ਹਰਚਰਨ ਸਿੰਘ ਦਾ ਕੁਝ ਮਹੀਨੇ ਪਹਿਲਾਂ 1 ਕਰੋੜ ਰੁਪਏ ਦਾ ਬੀਮਾ ਵੀ ਕਰਵਾਇਆ ਤਾਂ ਕਿ ਘਟਨਾ ਤੋਂ ਬਾਅਦ ਇਸ ਨੂੰ ਦੁਰਘਟਨਾ ਦਿਖਾ ਕੇ ਬੀਮੇ ਦੀ ਰਕਮ ਨੂੰ ਵੀ ਹਜ਼ਮ ਕੀਤਾ ਜਾ ਸਕੇ। ਇਸ ਮਾਮਲੇ 'ਚ ਸ਼ੱਕ ਉਸ ਸਮੇਂ ਹੋਇਆ ਜਦੋਂ ਅੱਗ ਲੱਗੀ ਕਾਰ ਨੂੰ 3-4 ਦਿਨਾਂ ਬਾਅਦ ਹੀ ਵੇਚ ਦਿੱਤਾ ਗਿਆ। ਜਦੋਂ ਅਸੀਂ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਕੋਲ ਗਏ ਕਿ ਸਾਨੂੰ ਸ਼ੱਕ ਲੱਗਦਾ ਹੈ ਕਿ ਇਹ ਸਾਜ਼ਿਸ਼ ਹੈ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ। ਇਸ ’ਤੇ ਸਾਡਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਅਤੇ ਪਿੰਡ ਵਾਸੀਆਂ ਨੇ ਪੁਲਸ ਨਾਲ ਰਾਬਤਾ ਕਾਇਮ ਕਰ ਕੇ ਇਸ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e