ਲੈਂਟਰ ਖੋਲ੍ਹਣ ਸਮੇਂ ਪੈਰ ਤਿਲਕਣ ਨਾਲ ਥੱਲੇ ਡਿੱਗਿਆ ਪਰਵਾਸੀ ਠੇਕੇਦਾਰ, ਮੌਤ

Thursday, Nov 28, 2024 - 01:25 PM (IST)

ਲੈਂਟਰ ਖੋਲ੍ਹਣ ਸਮੇਂ ਪੈਰ ਤਿਲਕਣ ਨਾਲ ਥੱਲੇ ਡਿੱਗਿਆ ਪਰਵਾਸੀ ਠੇਕੇਦਾਰ, ਮੌਤ

ਖਰੜ (ਰਣਬੀਰ) : ਸ਼ਹਿਰ ਦੇ ਅੱਪਰ ਬਾਜ਼ਾਰ ਅੰਦਰ ਦੁਕਾਨ ਦੀ ਛੱਤ ਦਾ ਲੈਂਟਰ ਖੋਲ੍ਹਣ ਸਮੇਂ ਪੈਰ ਤਿਲਕਣ ਕਾਰਨ ਪਰਵਾਸੀ ਠੇਕੇਦਾਰ ਦੀ ਮੌਤ ਹੋ ਗਈ। ਸਿਟੀ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਆਪਣੇ ਬਿਆਨ ’ਚ ਲਕਸ਼ਮਣ ਨੇ ਦੱਸਿਆ ਕਿ ਉਸ ਦਾ ਭਰਾ ਰਾਮ ਦਰਸ (44) ਪਿਛਲੇ 20 ਸਾਲ ਤੋਂ ਪੰਜਾਬ ’ਚ ਰਹਿ ਕੇ ਬਿਲਡਿੰਗ ਬਣਾਉਣ ਦਾ ਕੰਮ ਕਰ ਰਿਹਾ ਸੀ।

ਬੀਤੀ 24 ਨਵੰਬਰ ਨੂੰ ਉਸ ਦੇ ਜੀਜਾ ਵਿਨੋਦ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਰਾਮ ਦਰਸ ਕੰਮ ਦੌਰਾਨ ਛੱਤ ਤੋਂ ਡਿੱਗਣ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ ਹੈ। ਇਹ ਜਾਣਕਾਰੀ ਮਿਲਣ ਪਿਛੋਂ ਬੁੱਧਵਾਰ ਨੂੰ ਖਰੜ ਪੁੱਜਾ ਅਤੇ ਉਸ ਨੂੰ ਪਤਾ ਲੱਗਾ ਕਿ ਉਸਦਾ ਭਰਾ ਰਾਮ ਦਰਸ ਕੁਲਦੀਪ ਵਿਸ਼ਿਸ਼ਟ ਦੀ ਦੁਕਾਨ ਦੇ ਨਿਰਮਾਣ ਦਾ ਕੰਮ ਕਰ ਰਿਹਾ ਸੀ।

ਇਸ ਦਾ ਲੈਂਟਰ ਖੋਲ੍ਹਣ ਦਾ ਕੰਮ ਚੱਲ ਰਿਹਾ ਸੀ ਕਿ ਰਾਤ ਕਰੀਬ 10 ਵਜੇ ਛੱਤ ’ਤੇ ਪੈਰ ਤਿਲਕ ਜਾਣ ਕਾਰਨ ਰਾਮ ਦਰਸ ਹੇਠਾਂ ਡਿੱਗ ਪਿਆ ਅਤੇ ਉਸ ਦੇ ਸਿਰ ’ਤੇ ਚੋਟ ਲੱਗੀ। ਉਸ ਦੇ ਕੰਨ ਅਤੇ ਨੱਕ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਵੱਲੋਂ ਉਸ ਨੂੰ ਮੋਹਾਲੀ ਦੇ ਫੇਜ਼-6 ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਪੁੱਜਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
 


author

Babita

Content Editor

Related News