ਕਤਰ ’ਚ ਰੋਟੀ-ਰੋਜ਼ੀ ਕਮਾਉਣ ਗਏ ਨੌਜਵਾਨ ਦੀ ਜਨਮ-ਦਿਨ ਮਨਾਉਣ ਤੋਂ ਦੂਜੇ ਦਿਨ ਮੌਤ

Saturday, Jul 28, 2018 - 12:51 AM (IST)

ਕਤਰ ’ਚ ਰੋਟੀ-ਰੋਜ਼ੀ ਕਮਾਉਣ ਗਏ ਨੌਜਵਾਨ ਦੀ ਜਨਮ-ਦਿਨ ਮਨਾਉਣ ਤੋਂ ਦੂਜੇ ਦਿਨ ਮੌਤ

ਬਨੂਡ਼(ਗੁਰਪਾਲ)-ਨੇਡ਼ਲੇ ਪਿੰਡ ਨੰਡਿਆਲੀ ਦੇ ਵਿਦੇਸ਼  ’ਚ ਰੋਜ਼ੀ-ਰੋਟੀ ਕਮਾਉਣ ਗਏ 27 ਸਾਲਾ ਹਰਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਹਰਿੰਦਰ ਸਿੰਘ ਦੇ ਚਾਚਾ ਗਿਆਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦਲਜੀਤ ਸਿੰਘ ਦਾ ਵੱਡਾ ਪੁੱਤਰ 13 ਫਰਵਰੀ 2018 ਨੂੰ ਸੰਯੁਕਤ ਅਰਬ ਅਮੀਰਾਤ ਅਧੀਨ ਪੈਂਦੇ ਦੇਸ਼ ਕਤਰ ਵਿਚ ਰੋਟੀ- ਰੋਜ਼ੀ ਕਮਾਉਣ ਲਈ ਗਿਆ ਸੀ। ਨੌਕਰੀ ਕਰਨ ਲੱਗ ਪਿਆ। ਲੰਘੀ 11 ਜੁਲਾਈ ਨੂੰ ਉਸ ਦਾ ਜਨਮ-ਦਿਨ ਸੀ। ਉਸ ਨੇ ਦੋਸਤਾਂ ਨਾਲ ਮਿਲ ਕੇ ਪਾਰਟੀ ਕੀਤੀ। ਉਨ੍ਹਾਂ ਦੱਸਿਆ ਕਿ 11 ਜੁਲਾਈ ਨੂੰ ਜਦੋਂ ਉਹ ਜਨਮ-ਦਿਨ ਮਨਾ ਰਿਹਾ ਸੀ ਤਾਂ ਉਸ ਨਾਲ ਸਾਡੀ ਫੋਨ ’ਤੇ ਗੱਲਬਾਤ ਵੀ ਹੋਈ। 12 ਜੁਲਾਈ ਨੂੰ ਉਸ ਦੇ ਦੋਸਤਾਂ ਦਾ ਫੋਨ ਆਇਆ ਕਿ ਹਰਿੰਦਰ ਸਿੰਘ ਦੀ ਤਬੀਅਤ ਖਰਾਬ ਹੋ ਗਈ ਹੈ। ਜਦੋਂ ਉਹ ਉਸ ਨੂੰ ਇਲਾਜ ਲਈ ਲੈ ਕੇ ਗਏ ਤਾਂ ਉਹ ਦਮ ਤੋਡ਼ ਗਿਆ। ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਹਰਿੰਦਰ ਦੇ ਦੋਸਤਾਂ ਤੇ ਕੰਮ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਲਾਸ਼ ਲਿਆਉਣ ਲਈ ਸੰਪਰਕ ਕੀਤਾ। ਆਖਰ 15 ਦਿਨਾਂ ਬਾਅਦ ਸਵੇਰੇ ਉਸ ਦੀ ਲਾਸ਼ ਅੰਮ੍ਰਿਤਸਰ ਏਅਰਪੋਰਟ ’ਤੇ ਕੰਪਨੀ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਸੌਂਪੀ। ਉਸ ਦੇ ਜੱਦੀ ਪਿੰਡ ਨੰਡਿਆਲੀ ਵਿਖੇ ਅੰਤਿਮ ਸੰਸਕਾਰ ਕੀਤਾ। 
 


Related News