ਲੱਸੀ ਪੀਣ ਮਗਰੋਂ ਪਰਿਵਾਰ ਮੁਖੀ ਦੀ ਮੌਤ, ਪਤਨੀ, ਪੁੱਤਰ, ਧੀ ਬੀਮਾਰ
Friday, Mar 02, 2018 - 04:03 AM (IST)

ਫਾਜ਼ਿਲਕਾ(ਨਾਗਪਾਲ)-ਪਿੰਡ ਘੱਟਿਆਂ ਵਾਲੀ ਜੱਟਾਂ 'ਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਬੀਤੀ ਰਾਤ ਨੂੰ ਖਾਣਾ ਖਾਣ ਪਿਛੋਂ ਲੱਸੀ ਪੀਣ ਮਗਰੋਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ, ਪੁੱਤਰ, ਧੀ ਤਿੰਨੇ ਬੀਮਾਰ ਹੋ ਗਏ। ਇਨ੍ਹਾਂ 'ਚੋਂ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਠੀਕ ਹੈ, ਜਦਕਿ ਧੀ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ (45), ਉਸ ਦੀ ਪਤਨੀ ਇੰਦਰਜੀਤ ਕੌਰ (40), ਪੁੱਤਰੀ ਕਿਰਨਪਾਲ ਕੌਰ (19) ਅਤੇ ਪੁੱਤਰ ਗੁਰਕੀਰਤ ਸਿੰਘ (16) ਨੇ ਬੀਤੀ ਰਾਤ ਘਰ 'ਚ ਖਾਣਾ ਖਾਣ ਤੋਂ ਬਾਅਦ ਲੱਸੀ ਪੀਤੀ। ਦੱਸਿਆ ਜਾਂਦਾ ਹੈ ਕਿ ਜਿਸ ਬਰਤਨ 'ਚ ਇਨ੍ਹਾਂ ਨੇ ਲੱਸੀ ਬਣਾਈ ਉਹ ਮੰਗਿਆ ਹੋਇਆ ਸੀ, ਜੋ ਸੰਭਾਵਿਤ ਪੁਰਾਣਾ ਅਤੇ ਠੀਕ ਨਹੀਂ ਸੀ। ਕੁਝ ਦੇਰ ਬਾਅਦ ਪੂਰੇ ਪਰਿਵਾਰ ਨੂੰ ਲੂਜ਼ ਮੋਸ਼ਨ ਤੇ ਉਲਟੀਆਂ ਲੱਗ ਜਾਣ ਕਾਰਨ ਦਵਾਈ ਦਿੱਤੀ ਗਈ। ਉਲਟੀਆਂ ਅਤੇ ਲੂਜ਼ ਮੋਸ਼ਨ ਨਾ ਰੁਕਣ ਤੋਂ ਬਾਅਦ ਰਾਤ ਕਰੀਬ 2 ਵਜੇ ਪੂਰੇ ਪਰਿਵਾਰ ਨੂੰ ਫਾਜ਼ਿਲਕਾ ਦੇ ਡਾ. ਨਰਿੰਦਰ ਸੇਠੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਅੱਜ ਸਵੇਰੇ ਘਰ ਦੇ ਮੁਖੀ ਬਲਜਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਸੰਪਰਕ ਕਰਨ 'ਤੇ ਡਾ. ਸੇਠੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਠੀਕ ਹੈ, ਜਦਕਿ ਧੀ ਦੀ ਹਾਲਤ ਰੈਫਰ ਕੀਤੇ ਜਾਣ ਸਮੇਂ ਗੰਭੀਰ ਸੀ।