ਸਮੋਗ ਕਾਰਨ ਸੜਕਾਂ ''ਤੇ ਮੌਤ ਵੰਡ ਰਹੇ ਨੇ ਓਵਰਲੋਡ ਵਾਹਨ

Friday, Nov 10, 2017 - 01:14 AM (IST)

ਸਮੋਗ ਕਾਰਨ ਸੜਕਾਂ ''ਤੇ ਮੌਤ ਵੰਡ ਰਹੇ ਨੇ ਓਵਰਲੋਡ ਵਾਹਨ

ਫਿਰੋਜ਼ਪੁਰ(ਮਲਹੋਤਰਾ)-ਸਮੋਗ ਦੀ ਭੱਠੀ 'ਚ ਸੜ ਰਹੇ ਪੰਜਾਬ ਵਾਸੀਆਂ ਲਈ ਆਉਣ ਵਾਲੇ ਕਈ ਦਿਨ ਤੱਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਅੱਜ ਵੀ ਜ਼ਿਲਾ ਫਿਰੋਜ਼ਪੁਰ ਸਹਿਤ ਪੰਜਾਬ ਦੇ ਅਨੇਕਾਂ ਹਿੱਸਿਆਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਹੈ ਤੇ ਇਹ ਸਮੋਗ ਰੂਪੀ ਮੌਤ ਰੁਕਣ ਦਾ ਨਾਂ ਨਹੀਂ ਲੈ ਰਹੀ। ਕੁਝ ਵੀ ਹੋਵੇ, ਜਿਥੇ ਲੋਕ ਸਮੋਗ ਤੋਂ ਬੇਹੱਦ ਪ੍ਰੇਸ਼ਾਨ ਹਨ, ਉਥੇ ਪੰਜਾਬ 'ਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਨਾ ਕਰ ਕੇ ਓਵਰਲੋਡ ਵਾਹਨ ਵੀ ਸੜਕਾਂ 'ਤੇ ਲੋਕਾਂ ਨੂੰ ਮੌਤ ਵੰਡ ਰਹੇ ਹਨ ਤੇ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਫਾਰਮੈਲਿਟੀ ਦੇ ਤੌਰ 'ਤੇ ਕਦੇ-ਕਦੇ ਚਲਾਨ ਕੱਟ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਇਸ ਸਮੇਂ ਲੋਕਾਂ 'ਚ ਸੜਕ 'ਤੇ ਚੱਲਣ ਨੂੰ ਲੈ ਕੇ ਇਸ ਕਦਰ ਡਰ ਹੈ ਕਿ ਹਰ ਆਦਮੀ ਇਹ ਸੋਚਦਾ ਹੈ ਕਿ ਪਤਾ ਨਹੀਂ ਸ਼ਾਮ ਨੂੰ ਘਰ ਵਾਪਸ ਆਵੇ ਜਾਂ ਨਹੀਂ। ਉਧਰ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਸਰਕਾਰ ਨੂੰ ਪਰਾਲੀ ਸਾੜਨ ਦੇ ਮਾਮਲੇ 'ਚ ਸਖਤ ਕਾਰਵਾਈ ਕਰਦਿਆਂ ਇਸ ਦਾ ਠੋਸ ਹੱਲ ਕੱਢਣਾ ਚਾਹੀਦਾ ਸੀ, ਸਕੂਲਾਂ 'ਚ ਛੁੱਟੀਆਂ ਕਰ ਕੇ ਸਰਕਾਰ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕੁਝ ਵੀ ਕਰ ਲਵੇ, ਲੋਕਾਂ ਦੀਆਂ ਜਿੰਨੀਆਂ ਮਰਜ਼ੀ ਜਾਨਾਂ ਚੱਲੀਆਂ ਜਾਣ ਪਰ ਸਰਕਾਰ ਸਖਤ ਐਕਸ਼ਨ ਨਹੀਂ ਲੈ ਸਕਦੀ। ਇਸ ਪੂਰੇ ਮਾਮਲੇ 'ਚ ਔਰਤਾਂ ਨੇ ਵੀ ਸਰਕਾਰ ਦੀ ਕੰਮ ਕਰਨ ਦੀ ਪ੍ਰਣਾਲੀ ਨੂੰ ਕੋਸਿਆ ਹੈ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਮੇਂ-ਸਮੇਂ 'ਤੇ ਕਾਰਵਾਈ ਕਰਦੇ ਹਨ ਪਰ ਲੋਕ ਚੋਰ ਦਰਵਾਜ਼ਿਆਂ ਰਾਹੀਂ ਓਵਰਲੋਡ ਵਾਹਨ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ।


Related News