ਜ਼ੇਰੇ ਇਲਾਜ ਔਰਤ ਦੇ ਬੇਟੇ ਨੇ ਤੋੜਿਆ ਦਮ, ਬੇਟੀ ਦੀ ਹਾਲਤ ਗੰਭੀਰ

07/22/2017 1:23:59 AM

ਮਾਮਲਾ ਪੇਕੇ ਘਰ ਰਹਿ ਰਹੀ ਔਰਤ ਵੱਲੋਂ ਬੱਚਿਆਂ ਨਾਲ ਜ਼ਹਿਰ ਨਿਗਲਣ ਦਾ
ਪਠਾਨਕੋਟ(ਸ਼ਾਰਦਾ, ਮਨਿੰਦਰ)-ਇੰਦੌਰਾ ਥਾਣੇ ਅਧੀਨ ਪੈਂਦੇ ਪਿੰਡ ਕੰਦਰੋੜੀ 'ਚ ਬੀਤੇ ਦਿਨ 32 ਸਾਲਾ ਮਹਿਲਾ ਵੱਲੋਂ ਆਪਣੇ 2 ਬੱਚਿਆਂ ਸਮੇਤ ਜ਼ਹਿਰ ਨਿਗਲਣ ਦੇ ਮਾਮਲੇ ਨੇ ਗੰਭੀਰ ਮੋੜ ਲੈ ਲਿਆ ਹੈ। 
ਜਾਣਕਾਰੀ ਅਨੁਸਾਰ ਗੰਭੀਰ ਹਾਲਤ 'ਚ ਦਾਖ਼ਲ ਮਹਿਲਾ ਦੇ 7 ਸਾਲਾ ਬੇਟੇ ਜਸਕਰਨ ਦੀ ਦੇਰ ਰਾਤ ਮੌਤ ਹੋ ਗਈ, ਜਦਕਿ ਉਸ ਦੀ ਬੇਟੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪਿੰਡ ਕੰਦਰੋੜੀ 'ਚ ਆਪਣੇ ਪੇਕੇ ਘਰ ਰਹਿ ਰਹੀ ਮਹਿਲਾ ਕੁਲਵਿੰਦਰ ਕੌਰ (ਸੀਮਾ) ਦਾ ਵਿਆਹ ਪੰਜਾਬ ਦੇ ਜਲੰਧਰ ਸ਼ਹਿਰ 'ਚ ਹੋਇਆ ਸੀ। ਇਸ ਦਾ ਸਾਰਾ ਪੇਕਾ ਪਰਿਵਾਰ ਪਿਛਲੇ ਕਾਫੀ ਅਰਸੇ ਤੋਂ ਵਿਦੇਸ਼ 'ਚ ਰਹਿ ਰਿਹਾ ਹੈ, ਜਿਸ ਦੌਰਾਨ ਇਹ ਆਪਣੇ 2 ਬੱਚਿਆਂ ਬੇਟੀ ਸਿਮਰਨ ਅਤੇ ਬੇਟੇ ਜਸਕਰਨ ਨਾਲ ਆਪਣੇ ਪੇਕੇ ਕੰਦਰੋੜੀ ਪਿੰਡ 'ਚ ਰਹਿ ਰਹੀ ਸੀ, ਜਦਕਿ ਇਸ ਦਾ ਪਤੀ ਵੀ ਵਿਦੇਸ਼ 'ਚ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਇਸ ਦਾ ਪਤੀ ਵਿਦੇਸ਼ ਤੋਂ ਆਪਣੇ ਸਹੁਰੇ ਕੰਦਰੋੜੀ 'ਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਅਤੇ ਬੁੱਧਵਾਰ ਨੂੰ ਇਸ ਨੇ ਕਿਸੇ ਗੱਲ ਨੂੰ ਲੈ ਕੇ ਆਪਣੇ ਦੋਵੇਂ ਬੱਚਿਆਂ ਸਮੇਤ ਖੁਦ ਵੀ ਜ਼ਹਿਰ ਨਿਗਲ ਲਿਆ। ਇੰਦੌਰਾ ਪੁਲਸ ਦੇ ਏ. ਐੱਸ. ਆਈ. ਸੰਤੋਸ਼ ਕੁਮਾਰ ਹੈੱਡ ਕਾਂਸਟੇਬਲ ਹੰਸਰਾਜ ਆਪਣੀ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਥਾਣਾ ਮੁਖੀ ਓਂਕਾਰ ਸਿੰਘ ਨੇ ਦੱਸਿਆ ਕਿ ਔਰਤ ਨੇ ਦੋਵੇਂ ਬੱਚਿਆਂ ਸਮੇਤ ਜ਼ਹਿਰ ਨਿਗਲਿਆ ਸੀ, ਜਿਸ ਦੌਰਨ ਉਸ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਅਜੇ ਤੱਕ ਮਹਿਲਾ ਅਤੇ ਉਸ ਦੀ ਬੇਟੀ ਦੇ ਬਿਆਨ ਕਲਮਬੱਧ ਨਹੀਂ ਕੀਤੇ ਗਏ ਹਨ ਕਿਉਂਕਿ ਅਜੇ ਤੱਕ ਇਹ ਦੋਵੇਂ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਨੂਰਪੁਰ ਦੇ ਡੀ. ਐੱਸ. ਪੀ. ਮੇਘਨਾਥ ਚੌਹਾਨ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਜੇ ਤੱਕ ਪੁਲਸ ਦੀ ਜਾਂਚ 'ਚ ਘਰੇਲੂ ਕਲੇਸ਼ ਦੀ ਵਜ੍ਹਾ ਨਾਲ ਹੀ ਮਹਿਲਾ ਨੇ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਮਹਿਲਾ ਦੇ ਹੋਸ਼ 'ਚ ਆਉਣ 'ਤੇ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ।


Related News