ਰੁੱਸੀ ਪਤਨੀ ਨਾ ਮੰਨੀ ਤਾਂ ਗੁੱਸੇ ''ਚ ਆਏ ਪਤੀ ਨੇ ਕਰ ਦਿੱਤੇ ਚਾਕੂ ਨਾਲ ਕਈ ਵਾਰ
Wednesday, Jul 24, 2019 - 10:30 AM (IST)

ਜਲੰਧਰ (ਸ਼ੋਰੀ)— ਸ਼ਾਹਕੋਟ ਦੇ ਪਿੰਡ ਢੰਡੋਵਾਲ 'ਚ ਆਪਣੀ ਰੁੱਸੀ ਪਤਨੀ ਨੂੰ ਮਨਾਉਣ ਪਹੁੰਚੇ ਪਤੀ ਦਾ ਪਤਨੀ ਨਾਲ ਦੋਬਾਰਾ ਵਿਵਾਦ ਹੋ ਗਿਆ। ਪਤੀ ਜ਼ਬਰਦਸਤੀ ਪਤਨੀ ਨੂੰ ਜਲੰਧਰ ਲਿਆਉਣਾ ਚਾਹੁੰਦਾ ਸੀ ਪਰ ਪਤਨੀ ਨੇ ਸਾਫ ਮਨ੍ਹਾ ਕਰ ਦਿੱਤਾ ਤਾਂ ਪਤੀ ਨੇ ਚਾਕੂ ਨਾਲ ਪਤਨੀ ਦੀ ਗਰਦਨ, ਛਾਤੀ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਵਾਰ ਕੀਤੇ। ਪਤੀ ਆਪਣੀ ਪਤਨੀ ਦੀ ਹੱਤਿਆ ਕਰਨਾ ਚਾਹੁੰਦਾ ਸੀ ਪਰ ਪਤਨੀ ਨੇ ਰੌਲਾ ਪਾ ਦਿੱਤਾ ਅਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਪਤੀ ਨੂੰ ਕਾਬੂ ਕਰਕੇ ਪੁਲਸ ਨੂੰ ਬੁਲਾਇਆ। ਮੌਕੇ 'ਤੇ ਪਹੁੰਚੀ ਥਾਣਾ ਸ਼ਾਹਕੋਟ ਦੀ ਪੁਲਸ ਨੇ ਪਤੀ ਨੂੰ ਕਾਬੂ ਕਰ ਕੇ ਜ਼ਖਮੀ ਮਹਿਲਾ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ।
ਜ਼ਖਮੀ ਮਹਿਲਾ ਦੀ ਪਛਾਣ ਕਵਿਤਾ ਰਾਣੀ ਪਤਨੀ ਕ੍ਰਿਸ਼ਨ ਨਿਵਾਸੀ ਪਿੰਡ ਢੰਡੋਵਾਲ ਦੀ ਮਾਂ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਲਗਭਗ 4 ਸਾਲ ਪਹਿਲਾਂ ਜਲੰਧਰ ਦੇ ਮੁਹੱਲਾ ਸੰਤੋਖਪੁਰਾ ਵਾਸੀ ਕ੍ਰਿਸ਼ਨ ਪੁੱਤਰ ਰਵਿੰਦਰ ਨਾਲ ਹੋਇਆ ਸੀ ਅਤੇ ਉਸ ਦੀ ਇਕ ਬੇਟੀ ਵੀ ਹੈ। ਪਤੀ ਕ੍ਰਿਸ਼ਨ ਨਗਰ ਨਿਗਮ ਜਲੰਧਰ 'ਚ ਤਾਇਨਾਤ ਹੈ ਅਤੇ ਨਸ਼ੇ ਦਾ ਆਦੀ ਹੈ ਅਤੇ ਉਹ ਉਨ੍ਹਾਂ ਦੀ ਧੀ ਨੂੰ ਘਰ ਦਾ ਖਰਚਾ ਨਹੀਂ ਦਿੰਦਾ ਸੀ। ਕਵਿਤਾ ਰਾਣੀ ਉਸ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਲਗਭਗ ਡੇਢ ਸਾਲ ਤੋਂ ਉਨ੍ਹਾਂ ਕੋਲ ਰਹਿ ਰਹੀ ਸੀ।
ਪਤੀ ਨੇ ਕਈ ਵਾਰ ਪਤਨੀ ਨੂੰ ਵਾਪਸ ਸਹੁਰੇ ਆਉਣ ਲਈ ਧਮਕੀਆਂ ਵੀ ਦਿੱਤੀਆਂ। ਆਸ਼ਾ ਰਾਣੀ ਅਨੁਸਾਰ ਬੀਤੇ ਦਿਨ ਕਵਿਤਾ ਰਾਣੀ ਘਰ 'ਚ ਇਕੱਲੀ ਸੀ ਕਿ ਪਤੀ ਨੇ ਘਰ 'ਚ ਆ ਕੇ ਉਸ ਨੂੰ ਜ਼ਬਰਦਸਤੀ ਨਾਲ ਚੱਲਣ ਲਈ ਕਿਹਾ, ਮਨ੍ਹਾ ਕਰਨ 'ਤੇ ਕੁੱਟਮਾਰ ਕੀਤੀ ਅਤੇ ਚਾਕੂ ਨਾਲ ਉਸ 'ਤੇ ਹਮਲਾ ਕੀਤਾ। ਓਧਰ ਡਾਕਟਰਾਂ ਵੱਲੋਂ ਕਵਿਤਾ ਨੂੰ ਬਚਾਉਣ ਲਈ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਨੇ ਮੁਲਜ਼ਮ ਖਿਲਾਫ ਹੱਤਿਆ ਦਾ ਯਤਨ ਕਰਨ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਨਾਲ ਹੀ ਉਸ ਵੱਲੋਂ ਵਾਰਦਾਤ 'ਚ ਵਰਤਿਆ ਗਿਆ ਚਾਕੂ ਵੀ ਕਬਜ਼ੇ ਵਿਚ ਲੈ ਲਿਆ ਹੈ।