ਪਰਿਵਾਰ ਨਾਲ ਛਾਉਣੀ ਬਾਜ਼ਾਰ 'ਚ ਸ਼ਾਪਿੰਗ ਕਰ ਰਹੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Saturday, Nov 14, 2020 - 06:30 PM (IST)

ਪਰਿਵਾਰ ਨਾਲ ਛਾਉਣੀ ਬਾਜ਼ਾਰ 'ਚ ਸ਼ਾਪਿੰਗ ਕਰ ਰਹੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਲੰਧਰ (ਮਹੇਸ਼)— ਪਤਨੀ ਅਤੇ ਬੇਟੇ ਨਾਲ ਜਲੰਧਰ ਛਾਉਣੀ ਦੇ ਸਦਰ ਬਾਜ਼ਾਰ 'ਚ ਸ਼ਾਪਿੰਗ ਕਰ ਰਹੇ ਇਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ 'ਚ ਜ਼ਖਮੀ ਹੋਏ ਵਿਕਰਮ ਉਰਫ ਮੰਮ ਵਾਸੀ ਮੁਹੱਲਾ ਨੰ. 30 ਜਲੰਧਰ ਕੈਂਟ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ

ਥਾਣਾ ਜਲੰਧਰ ਕੈਂਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੰਮ ਦੀ ਪਤਨੀ ਪ੍ਰਵੀਨ ਨੇ ਬਿਆਨ ਦਿੱਤੇ ਹਨ ਕਿ ਉਹ ਆਪਣੇ ਪਤੀ ਅਤੇ ਬੇਟੇ ਨਾਲ ਇਕ ਦੁਕਾਨ ਵਿਚ ਖਰੀਦਦਾਰੀ ਕਰ ਰਹੀ ਸੀ ਕਿ ਇਸੇ ਦੌਰਾਨ ਆਪਣੇ 10 ਤੋਂ ਜ਼ਿਆਦਾ ਸਾਥੀਆਂ ਸਮੇਤ ਉਥੇ ਪੁੱਜੇ ਕੌਂਸਲਰ ਭਰਤ ਅਟਵਾਲ ਜੌਲੀ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਖੂਨ ਨਾਲ ਲਥਪਥ ਹਾਲਤ 'ਚ ਉਹ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਜੌਹਲ ਹਸਪਤਾਲ ਲੈ ਕੇ ਪੁੱਜੀ ਤੇ ਉਥੇ ਦਾਖਲ ਕਰਵਾਇਆ। ਪ੍ਰਵੀਨ ਨੇ ਦੱਸਿਆ ਕਿ ਉਸ ਦੇ ਪਤੀ 'ਤੇ ਬੇਰਹਿਮੀ ਨਾਲ ਹਮਲਾ ਕਰਨ ਵਾਲਾ ਕੌਂਸਲਰ ਭਰਤ ਅਟਵਾਲ ਜੌਲੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਲਕਾਰੇ ਮਾਰਦਿਆਂ ਉਥੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਮੁਕੇਰੀਆਂ: ਦੀਵਾਲੀ ਵਾਲੇ ਦਿਨ ਛਾਇਆ ਮਾਤਮ, ਦੋ ਮਹੀਨੇ ਪਹਿਲਾਂ ਇਟਲੀ ਗਏ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਕਰਮ ਦੀ ਪਤਨੀ ਪ੍ਰਵੀਨ ਦੇ ਬਿਆਨਾਂ 'ਤੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਵਾਰਦਾਤ ਦੀ ਫੁੱਟੇਜ ਲੈ ਕੇ ਕੌਂਸਲਰ ਭਰਤ ਅਟਵਾਲ ਜੌਲੀ, ਹਿਮਾਂਸ਼ੂ, ਨਿਖਿਲ, ਮਾਮਿਕ ਅਤੇ ਅਭੀ ਸਮੇਤ 10 ਤੋਂ ਜ਼ਿਆਦਾ ਲੋਕਾਂ ਖ਼ਿਲਾਫ਼ ਥਾਣਾ ਜਲੰਧਰ ਕੈਂਟ ਵਿਚ ਇਰਾਦਾ ਕਤਲ ਦੀ ਧਾਰਾ 307 ਤੋਂ ਇਲਾਵਾ 323, 324, 148, 149 ਆਈ. ਪੀ. ਸੀ. ਤਹਿਤ ਮੁਕੱਦਮਾ ਨੰ. 196 ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ।


author

shivani attri

Content Editor

Related News