ਕੁੱਟਮਾਰ ਤੇ ਜਾਨਲੇਵਾ ਹਮਲਾ ਕਰਨ ਦੇ 6 ਦੋਸ਼ੀਆਂ ਨੂੰ ਸਜ਼ਾ ਤੇ ਜੁਰਮਾਨਾ
Sunday, Feb 18, 2018 - 10:21 AM (IST)

ਹੁਸ਼ਿਆਰਪੁਰ (ਅਮਰਿੰਦਰ) - ਗੜ੍ਹਦੀਵਾਲਾ ਕਸਬੇ 'ਚ ਮਾਰਚ 2012 ਨੂੰ ਹੋਏ ਕੁੱਟ-ਮਾਰ ਤੇ ਜਾਨਲੇਵਾ ਹਮਲੇ ਸਬੰਧੀ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਆਰ. ਕੇ. ਜੈਨ ਦੀ ਅਦਾਲਤ ਨੇ ਦੋਸ਼ੀਆਂ ਸ਼ੇਖਰ ਪੁੱਤਰ ਬਿੰਦਰ ਪਾਲ, ਜਤਿੰਦਰ ਕੁਮਾਰ ਉਰਫ ਸਾਬੀ ਪੁੱਤਰ ਸੁਰਿੰਦਰਪਾਲ, ਰਵੀ ਪੁੱਤਰ ਸੁਰਿੰਦਰਪਾਲ ਤੇ ਕਸ਼ਮੀਰ ਕੁਮਾਰ ਪੁੱਤਰ ਬਲਵੀਰ ਕੁਮਾਰ ਸਾਰੇ ਵਾਸੀ ਗੜ੍ਹਦੀਵਾਲਾ ਨੂੰ 7-7 ਸਾਲ ਦੀ ਕੈਦ ਤੇ 7-7 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਜੁਰਮਾਨਾ ਅਦਾ ਨਾ ਕੀਤੇ ਜਾਣ 'ਤੇ ਚਾਰੇ ਦੋਸ਼ੀਆਂ ਨੂੰ 6-6 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ। ਇਸੇ ਮਾਮਲੇ ਨਾਲ ਸਬੰਧਤ ਦੋ ਦੋਸ਼ੀਆਂ ਬਿੰਦਰ ਪਾਲ ਪੁੱਤਰ ਪੰਨਾ ਲਾਲ ਤੇ ਰਵਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਗੁਰਬਚਨ ਲਾਲ ਦੋਵੇਂ ਵਾਸੀ ਗੜ੍ਹਦੀਵਾਲਾ ਨੂੰ 3-3 ਸਾਲ ਦੀ ਕੈਦ ਤੇ 3750-3750 ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਅਦਾ ਨਾ ਕੀਤੇ ਜਾਣ 'ਤੇ 15-15 ਦਿਨ ਦੀ ਕੈਦ ਹੋਰ ਕੱਟਣੀ ਪਵੇਗੀ। ਵਰਣਨਯੋਗ ਹੈ ਕਿ ਗੜ੍ਹਦੀਵਾਲਾ ਕਸਬੇ ਦੇ ਵਾਰਡ ਨੰ. 6 ਦੇ ਵਾਸੀ ਕਰਣਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੀ ਸ਼ਿਕਾਇਤ 'ਤੇ 27 ਮਾਰਚ, 2012 ਨੂੰ ਉਕਤ ਸਾਰੇ ਦੋਸ਼ੀਆਂ ਖਿਲਾਫ਼ ਧਾਰਾ 307, 326 ਤੇ 324 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।