ਦੀਵਾਲੀ ਵਾਲੇ ਦਿਨ ਪਿੰਡ ਪਹੁੰਚੀ ਫੌਜੀ ਜਵਾਨ ਦੀ ਲਾਸ਼
Saturday, Oct 21, 2017 - 07:43 AM (IST)
ਅਜੀਤਵਾਲ (ਗਰੋਵਰ, ਰੱਤੀ) - ਦਿਲ 'ਚ ਦੇਸ਼ ਭਗਤੀ ਦੀ ਭਾਵਨਾ ਲੈ ਕੇ ਫੌਜ 'ਚ ਭਰਤੀ ਹੋਏ ਸਬ-ਤਹਿਸੀਲ ਅਜੀਤਵਾਲ (ਮੋਗਾ) ਦੇ ਪਿੰਡ ਚੂਹੜਚੱਕ ਦੇ ਨੌਜਵਾਨ ਜਸਪ੍ਰੀਤ ਸਿੰਘ ਦੀ ਲਾਸ਼ ਪਿੰਡ ਚੂਹੜਚੱਕ ਵਿਖੇ ਆਉਣ ਕਾਰਨ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ । ਉਸ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਫਿਰੋਜ਼ਪੁਰ ਕੈਂਟ ਤੋਂ ਆਈ ਫੌਜੀ ਟੁੱਕੜੀ ਨੇ ਨਾਇਬ ਸੂਬੇਦਾਰ ਯਸ਼ਪਾਲ ਦੀ ਅਗਵਾਈ 'ਚ ਸਲਾਮੀ ਦੇ ਕੇ ਕੀਤਾ। ਪਿਤਾ ਜਗਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਆਪਣੇ ਦਾਦਾ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਸਪ੍ਰੀਤ ਸਿੰਘ 1 ਸਾਲ 1 ਮਹੀਨਾ ਪਹਿਲਾਂ ਬੰਗਾਲ ਇੰਜੀਨੀਅਰ ਰੈਜੀਮੈਂਟ ਭਰਤੀ ਹੋ ਗਿਆ ਤੇ ਰੁੜਕੀ ਵਿਖੇ ਟ੍ਰੇਨਿੰਗ ਕਰ ਰਿਹਾ ਸੀ । ਇਸੇ ਦੌਰਾਨ ਉਸ ਨੂੰ ਤੇਜ਼ ਬੁਖਾਰ ਤੇ ਸਿਰਦਰਦ ਨੇ ਆਪਣੀ ਜਕੜ 'ਚ ਲੈ ਲਿਆ ਤੇ ਫੌਜੀ ਹਸਪਤਾਲ ਵਿਖੇ 25 ਦਿਨ ਉਸ ਦਾ ਇਲਾਜ ਚੱਲਿਆ ।
ਆਖਰ ਉਹ ਮੌਤ ਨਾਲ ਲੜਦਾ-ਲੜਦਾ ਹਾਰ ਗਿਆ।ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਸਾਬਕਾ ਕੈਪਟਨ ਬਚਿੱਤਰ ਸਿੰਘ, ਬਲਜਿੰਦਰ ਸਿੰਘ, ਕੈਪਟਨ ਮਲਕੀਤ ਸਿੰਘ ਤੋਂ ਇਲਾਵਾ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕਿ ਅੰਤਿਮ ਵਿਦਾਇਗੀ ਦਿੱਤੀ।
