ਚੰਡੀਗੜ੍ਹ 'ਚ ਸ਼ੱਕੀ ਹਾਲਾਤ 'ਚ ਰੇਲਵੇ ਟਰੈਕ ਤੋਂ ਮਿਲੀ ਬੱਚੀ ਦੀ ਪੈਰ ਕੱਟੀ ਲਾਸ਼, ਦੇਖ ਨਿਕਲਿਆ ਤ੍ਰਾਹ

Sunday, Jan 15, 2023 - 01:50 PM (IST)

ਚੰਡੀਗੜ੍ਹ 'ਚ ਸ਼ੱਕੀ ਹਾਲਾਤ 'ਚ ਰੇਲਵੇ ਟਰੈਕ ਤੋਂ ਮਿਲੀ ਬੱਚੀ ਦੀ ਪੈਰ ਕੱਟੀ ਲਾਸ਼, ਦੇਖ ਨਿਕਲਿਆ ਤ੍ਰਾਹ

ਚੰਡੀਗੜ੍ਹ (ਲਲਨ) : ਇੰਡਸਟਰੀਅਲ ਏਰੀਆ ਫੇਜ਼-2 ਰੇਲਵੇ ਟਰੈਕ ਨੇੜਿਓਂ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਵਿਚ ਬੱਚੀ ਦਾ ਪੈਰ ਵੱਢਿਆ ਹੋਇਆ ਸੀ। ਜੀ. ਆਰ. ਪੀ. ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਸੂਚਨਾ ਮਿਲੀ ਕਿ ਚੰਡੀਗੜ੍ਹ-ਮੋਹਾਲੀ ਰੇਲਵੇ ਟਰੈਕ ’ਤੇ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਕੁੜੀ ਜ਼ਖ਼ਮੀ ਹੋ ਗਈ ਹੈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ’ਚ ਰਖਵਾਇਆ ਗਿਆ ਹੈ। ਐਤਵਾਰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਹਸਪਤਾਲ ’ਚ ਬੱਚੀ ਦੇ ਪਿਤਾ ਚੰਦਨ ਨੇ ਚੱਪਲ ਅਤੇ ਪੈਰ ਤੋਂ ਉਸਦੀ ਸ਼ਨਾਖਤ ਕੀਤੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀ ਸ਼ੁੱਕਰਵਾਰ ਸ਼ਾਮ ਤੋਂ ਘਰ ਦੇ ਬਾਹਰੋਂ ਲਾਪਤਾ ਸੀ। ਪਰਿਵਾਰਕ ਮੈਂਬਰ ਧੀ ਦੀ ਭਾਲ ਵਿਚ ਲੱਗੇ ਹੋਏ ਸਨ। ਬੱਚੀ ਦੇ ਰਿਸ਼ਤੇਦਾਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਵੀ ਦਿੱਤੀ ਸੀ। ਜਦਕਿ ਇਲਾਕੇ ਦੇ ਗੁਰਦੁਆਰਾ, ਮਸਜਿਦ ਅਤੇ ਮੰਦਿਰ ’ਚ ਅਨਾਊਂਸਮੈਂਟ ਹੋਈ ਪਰ ਉਸ ਦੀ ਲਾਸ਼ ਰੇਲਵੇ ਟਰੈਕ ਨੇੜਿਓਂ ਮਿਲੀ।

CCTV ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ

ਜੀ. ਆਰ . ਪੀ. ਨੇ ਦੇਰ ਸ਼ਾਮ ਤਕ ਮ੍ਰਿਤਕ ਬੱਚੀ ਦੇ ਘਰ ਦੇ ਆਸਪਾਸ ਘਰਾਂ ਅਤੇ ਦੁਕਾਨਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ ਅਤੇ ਇਸਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ’ਚ ਹੀ ਲੱਗੇਗਾ। ਪੁਲਸ ਇਸ ਨੂੰ ਅਗਵਾ ਦਾ ਮਾਮਲਾ ਮੰਨ ਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜੀ. ਆਰ. ਪੀ. ਥਾਣਾ ਇੰਚਾਰਜ ਮਨੀਸ਼ਾ ਦੇਵੀ ਨੇ ਦੱਸਿਆ ਕਿ ਕੁੜੀ ਦੀ ਲਾਸ਼ ਰੇਲਵੇ ਟਰੈਕ ਤੋਂ 80 ਫੁੱਟ ਹੇਠਾਂ ਇਕ ਟੋਏ ਵਿਚੋਂ ਮਿਲੀ ਹੈ। ਸਥਾਨਕ ਵਿਅਕਤੀ ਨੇ ਕੁੜੀ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਬੱਚੀ ਦੇ ਪਿਤਾ ਮੌਕੇ ’ਤੇ ਪਹੁੰਚੇ। ਟੀਮ ਨੂੰ ਮੌਕੇ ’ਤੇ ਫੋਰੈਂਸਿਕ ਜਾਂਚ ਲਈ ਵੀ ਬੁਲਾਇਆ ਗਿਆ।   

ਵੱਡਾ ਸਵਾਲ : ਘਰੋਂ ਢਾਈ ਕਿ. ਮੀ. ਦੂਰ ਟਰੈਕ ਤਕ ਕਿਵੇਂ ਪਹੁੰਚੀ ਬੱਚੀ

ਮ੍ਰਿਤਕ ਬੱਚੀ ਦੇ ਪਿਤਾ ਚੰਦਨ, ਜੋ ਕਿ ‘ਆਪਣੀ ਮੰਡੀ’ ਵਿਚ ਸਬਜ਼ੀ ਵੇਚਦਾ ਹੈ, ਨੇ ਦੱਸਿਆ ਕਿ ਉਸ ਦੀ ਪਤਨੀ ਮਮਤਾ ਸ਼ੁੱਕਰਵਾਰ ਦੁਪਹਿਰ ਡਾਕਟਰ ਕੋਲ ਗਈ ਸੀ ਅਤੇ ਉਸ ਨੇ ਦੋਵਾਂ ਕੁੜੀਆਂ ਮਧੂ ਅਤੇ ਰਾਗਿਨੀ ਨੂੰ ਘਰ ਦੇ ਬਾਹਰ ਖੇਡਣ ਲਈ ਕਿਹਾ ਸੀ। ਜਦੋਂ ਮਮਤਾ ਘਰ ਵਾਪਸ ਆਈ ਤਾਂ ਸਾਢੇ ਚਾਰ ਵੱਜ ਚੁੱਕੇ ਸਨ। ਰਾਗਿਨੀ ਘਰ ਵਿਚ ਸੀ ਪਰ ਮਧੂ ਗਾਇਬ ਸੀ। ਆਲੇ-ਦੁਆਲੇ ਭਾਲ ਕਰਨ ’ਤੇ ਕੋਈ ਸੁਰਾਗ ਨਾ ਮਿਲਣ ’ਤੇ ਮਮਤਾ ਨੇ ਫੋਨ ਕਰ ਕੇ ਸ਼ਾਮ 5. 30 ਵਜੇ ਘਰ ਪਹੁੰਚ ਕੇ ਕੁੜੀ ਦੀ ਭਾਲ ਕੀਤੀ। ਧਾਰਮਿਕ ਸਥਾਨਾਂ ਤੋਂ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਲਾਊਡ ਸਪੀਕਰ ਰਾਹੀਂ ਆਮ ਲੋਕਾਂ ਤਕ ਪਹੁੰਚਾਈ ਗਈ।

ਇਹ ਵੀ ਪੜ੍ਹੋ- ਲੋਹੜੀ ਦੀ ਰਾਤ ਪਤੀ-ਪਤਨੀ ਲਈ ਬਣੀ ਆਖਰੀ ਰਾਤ, ਸਵੇਰੇ ਦਰਵਾਜ਼ਾ ਖੋਲ੍ਹਣ 'ਤੇ ਸਭ ਦੇ ਉੱਡੇ ਹੋਸ਼

ਰਾਤ ਨੂੰ ਹੀ ਸੈਕਟਰ-31 ਥਾਣਾ ਵਿਚ ਸ਼ਿਕਾਇਤ ਦਿੱਤੀ ਗਈ। ਪੁਲਸ ਅਜੇ ਵੀ ਜਾਂਚ ਕਰ ਰਹੀ ਸੀ ਕਿ ਜੀ. ਆਰ. ਪੀ. ਤੋਂ ਸੂਚਨਾ ਮਿਲੀ ਕਿ ਰੇਲਵੇ ਟ੍ਰੈਕ ਤੋਂ ਕੱਟਿਆ ਹੋਇਆ ਪੈਰ ਅਤੇ ਚੱਪਲ ਮਿਲੀ ਹੈ, ਜਿਸ ਦੀ ਪਛਾਣ ਲਈ ਪੁਲਸ ਉਸ ਨੂੰ ਪੰਚਕੂਲਾ ਦੇ ਹਸਪਤਾਲ ਲੈ ਗਈ, ਜਿੱਥੇ ਕੁੜੀ ਦੇ ਪੈਰ ਅਤੇ ਚੱਪਲ ਦੀ ਪਛਾਣ ਹੋ ਗਈ। ਸ਼ਨੀਵਾਰ ਸਵੇਰੇ ਮੌਕੇ ’ਤੇ ਸਰਚ ਦੌਰਾਨ ਰੌਸ਼ਨ ਨਾਂ ਦੇ ਬੱਚੇ ਨੇ ਲਾਸ਼ ਦੇਖੀ। ਪੁਲਸ ਨੇ ਟ੍ਰੈਕ ਤੋਂ ਬੱਚੀ ਦੀ ਚਾਂਦੀ ਦੀ ਝਾਂਜਰ ਵੀ ਬਰਾਮਦ ਕੀਤੀ ਹੈ। ਚੰਦਨ ਨੇ ਦੱਸਿਆ ਕਿ ਬੇਸ਼ੱਕ ਜੀ. ਆਰ. ਪੀ. ਕਹਿ ਰਹੀ ਹੈ ਕਿ ਟ੍ਰੇਨ ਹੇਠਾਂ ਆਉਣ ਨਾਲ ਬੱਚੀ ਦੀ ਮੌਤ ਹੋ ਗਈ ਪਰ ਉਹ ਜਾਣਨਾ ਚਾਹੁੰਦੇ ਹਨ ਕਿ ਮਧੂ ਘਰ ਤੋਂ ਟ੍ਰੈਕ ’ਤੇ ਕਿਵੇਂ ਪਹੁੰਚੀ ਅਤੇ ਉਹ ਵੀ ਅਜਿਹੀ ਜਗ੍ਹਾ ’ਤੇ ਜਿੱਥੇ ਕੋਈ ਵੱਡਾ ਵੀ ਜਾਣ ਤੋਂ ਘਬਰਾ ਜਾਵੇ।

ਮਾਂ ਦੀ ਇਕ ਔਰਤ ਨਾਲ ਹੋਈ ਸੀ ਲੜਾਈ

ਚੰਦਨ ਕੁਝ ਦਿਨ ਪਹਿਲਾਂ ਕਿਰਾਏ ’ਤੇ ਰਾਮਦਰਬਾਰ ਦੇ ਮਕਾਨ ਨੰਬਰ-1290 ਵਿਚ ਰਹਿਣ ਲਈ ਆਇਆ ਸੀ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੀ ਮਾਂ ਮਮਤਾ ਦੀ ਕੁਝ ਦਿਨ ਪਹਿਲਾਂ ਕਿਸੇ ਗੱਲ ਤੋਂ ਇਕ ਔਰਤ ਨਾਲ ਲੜਾਈ ਹੋ ਗਈ ਸੀ। ਹੋ ਸਕਦਾ ਹੈ ਕਿ ਬੱਚੀ ਦੀ ਮੌਤ ਦਾ ਸਬੰਧ ਉਸ ਲੜਾਈ ਨਾਲ ਹੋਵੇ। ਮ੍ਰਿਤਕ ਬੱਚੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਈ ਨਸ਼ੇੜੀ ਵਿਅਕਤੀ ਕੁੜੀ ਨੂੰ ਆਪਣੇ ਨਾਲ ਲੈ ਗਿਆ ਹੋਵੇ ਅਤੇ ਗ਼ਲਤ ਕੰਮ ਕਰ ਕੇ ਉਸ ਨੂੰ ਟ੍ਰੇਨ ਅੱਗੇ ਧੱਕਾ ਦੇ ਦਿੱਤਾ ਹੋਵੇ। ਥਾਣਾ ਇੰਚਾਰਜ ਮਨੀਸ਼ਾ ਦੇਵੀ ਨੇ ਦੱਸਿਆ ਕਿ ਕੁੜੀ ਦੀ ਲਾਸ਼ ਰੇਲਵੇ ਟ੍ਰੈਕ ਤੋਂ 80 ਫੁੱਟ ਹੇਠਾਂ ਇਕ ਖੱਡੇ ਵਿਚੋਂ ਮਿਲੀ ਹੈ। ਸਥਾਨਕ ਵਿਅਕਤੀ ਨੇ ਬੱਚੀ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਮੌਕੇ ’ਤੇ ਪਹੁੰਚੇ। ਮਨੀਸ਼ਾ ਦੇਵੀ ਨੇ ਦੱਸਿਆ ਕਿ ਮੌਕੇ ’ਤੇ ਫੋਰੈਂਸਿਕ ਜਾਂਚ ਲਈ ਟੀਮ ਨੂੰ ਵੀ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ੱਕ ਦੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News