ਚਚੇਰੇ ਭਰਾ ਵੱਲੋਂ ਭਰੀ ਪੰਚਾਇਤ 'ਚ ਜ਼ਲੀਲ ਕੀਤੇ ਜਾਣ ਤੋਂ ਬਾਅਦ ਠੇਕੇਦਾਰ ਦੀ ਨਹਿਰ 'ਚੋਂ ਮਿਲੀ ਲਾਸ਼
Monday, Jun 17, 2024 - 08:28 PM (IST)
ਪਾਇਲ (ਵਿਨਾਇਕ)- ਪਾਇਲ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਮਲੌਦ ਦੀ ਪੁਲਸ ਨੇ ਪਿੰਡ ਕਟਾਹਰੀ ਦੇ ਸਾਬਕਾ ਸਰਪੰਚ ਨਿੰਦਰਪਾਲ ਸਿੰਘ ਦੇ ਪੁੱਤਰ ਠੇਕੇਦਾਰ ਕੁਲਦੀਪ ਸਿੰਘ ਪੰਨੂ (53) ਦੀ ਲਾਸ਼ ਨੂੰ ਨਹਿਰ ’ਚੋਂ ਬਰਾਮਦ ਕੀਤਾ ਹੈ। ਮੁੱਢਲੀ ਜਾਂਚ ’ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਥਾਣਾ ਮਲੌਦ ਦੀ ਪੁਲਸ ਨੇ 8 ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਮ੍ਰਿਤਕ ਦੇ ਭਰਾ ਰਾਜਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਕੁਲਦੀਪ ਸਿੰਘ ਪੰਨੂ ਸਰਕਾਰੀ ਵਿਭਾਗਾਂ ’ਚ ਸਿਵਲ ਵਰਕਜ਼ ਦਾ ਕੰਮ ਕਰਦਾ ਸੀ। ਪਿੱਛੇ ਜਿਹੇ ਉਸ ਦਾ ਭਰਾ ਕੁਲਦੀਪ ਸਿੰਘ ਪੰਨੂ ਅਤੇ ਚਾਚੇ ਦਾ ਲੜਕਾ ਜਸਦੀਪ ਸਿੰਘ ਆਪਣੇ ਘਰ ਬੈਠੇ ਆਪਣੇ ਘਰ ਦੀ ਵੰਡ ਸਬੰਧੀ ਗੱਲਾਂ ਕਰ ਰਹੇ ਸਨ। ਉਦੋਂ ਜਸਦੀਪ ਸਿੰਘ ਦਾ ਸਹੁਰਾ ਮਹਿੰਦਰ ਸਿੰਘ, ਮਾਮਾ ਸੁਰਿੰਦਰ ਸਿੰਘ, ਸੱਸ ਪਰਮਿੰਦਰ ਕੌਰ, ਜਸਦੀਪ ਦੇ ਲੜਕੇ ਕੰਵਰਪਾਲ ਸਿੰਘ ਅਤੇ ਨਵਦੀਪ ਸਿੰਘ ਦੋ ਗੱਡੀਆਂ ’ਚ ਮੌਕੇ ’ਤੇ ਆਏ, ਜਿਨ੍ਹਾਂ ਆਉਂਦਿਆਂ ਹੀ ਉਸ ਨੂੰ ਧਮਕਾਉਂਦਿਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਛੱਡੀ ਵਾਇਨਾਡ ਸੀਟ, ਰਾਏਬਰੇਲੀ ਤੋਂ ਬਣੇ ਰਹਿਣਗੇ ਸਾਂਸਦ
ਇਸ ਤੋਂ ਬਾਅਦ ਸਾਂਝੇ ਵਿਅਕਤੀ ਰਵਿੰਦਰ ਸਿੰਘ ਨੇ ਮਾਮਲਾ ਸ਼ਾਂਤ ਕੀਤਾ ਅਤੇ ਦੋਵੇਂ ਧਿਰਾਂ ਉਥੋਂ ਚਲੀਆਂ ਗਈਆਂ। ਕੁਝ ਦਿਨਾਂ ਬਾਅਦ ਵੰਡ ਸਬੰਧੀ ਦੋਬਾਰਾ ਪੰਚਾਇਤ ਬੁਲਾਈ ਗਈ, ਜਿਸ ਵਿਚ ਉਪਰੋਕਤ ਸਾਰੇ ਲੋਕ ਹਾਜ਼ਰ ਸਨ। ਜਸਦੀਪ ਸਿੰਘ ਨੇ ਆਪਣੇ ਸਹੁਰੇ ਨਾਲ ਮਿਲ ਕੇ ਕੁਲਦੀਪ ਸਿੰਘ ਪੰਨੂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਬੇਇਜ਼ਤੀ ਕੀਤੀ। ਉਸ ਦਾ ਭਰਾ ਕੁਲਦੀਪ ਉਸੇ ਦਿਨ ਤੋਂ ਹੀ ਚੁੱਪ ਰਹਿਣ ਲੱਗ ਪਿਆ।
ਕੁਲਦੀਪ 14 ਜੂਨ ਤੋਂ ਸੀ ਲਾਪਤਾ, 8 ਵਿਅਕਤੀਆਂ ਖਿਲਾਫ ਮਾਮਲਾ ਦਰਜ
ਮ੍ਰਿਤਕ ਦੇ ਭਰਾ ਰਾਜਬੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੰਨੂ 14 ਜੂਨ ਨੂੰ ਘਰੋਂ ਕੰਮ ’ਤੇ ਚਲਾ ਗਿਆ ਅਤੇ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਲੱਗੇ ਹੋਏ ਸਨ, ਜਿਨ੍ਹਾਂ ਨੂੰ ਉਸ ਦੀ ਲਾਸ਼ ਜਗੇੜਾ ਗਰਿੱਡ ਪਾਸੋਂ ਨਹਿਰ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਰਾਜਬੀਰ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਦੇ ਚਚੇਰੇ ਭਰਾ ਜਸਦੀਪ ਸਿੰਘ, ਸਾਲੀ ਜਗਦੀਪ ਕੌਰ ਅਤੇ ਜਗਦੀਪ ਕੌਰ ਵਾਸੀ ਕਟਾਹਰੀ, ਮਹਿੰਦਰ ਸਿੰਘ, ਪਰਮਿੰਦਰ ਕੌਰ, ਸੁਰਿੰਦਰ ਸਿੰਘ, ਕੰਵਰਪਾਲ ਸਿੰਘ ਅਤੇ ਨਵਦੀਪ ਸਿੰਘ ਵਾਸੀ ਮਲੌਦ ਦੇ ਖਿਲਾਫ ਧਾਰਾ 306 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਲੌਦ ਪੁਲਸ ਨੇ ਕੁਲਦੀਪ ਸਿੰਘ ਪੰਨੂ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ 'ਚ ਵਾਪਰਿਆ ਦਰਦਨਾਕ ਭਾਣਾ, ਨਹਾਉਣ ਗਏ 3 ਬੱਚੇ ਨਹਿਰ 'ਚ ਰੁੜ੍ਹੇ, 2 ਦੀਆਂ ਲਾਸ਼ਾਂ ਬਰਾਮਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e