ਲੁਧਿਆਣਾ ਸਿਟੀ ਸੈਂਟਰ 'ਚ 2 ਮਹੀਨਿਆਂ ਤੋਂ ਲਟਕਦੀ ਲਾਸ਼ ਪੁਲਸ ਵਲੋਂ ਬਰਾਮਦ (ਵੀਡੀਓ)
Thursday, Jan 02, 2020 - 04:41 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਸਿਟੀ ਸੈਂਟਰ ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਟੀ ਸੈਂਟਰ ਦੇ ਬੇਸਮੈਂਟ 'ਚੋਂ ਰੱਸੀ ਨਾਲ ਲਟਕਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਬੀਤੇ 2 ਮਹੀਨਿਆਂ ਤੋਂ ਇਸੇ ਤਰ੍ਹਾਂ ਲਟਕੀ ਹੋਈ ਸੀ ਪਰ ਜਦੋਂ ਕੋਈ ਵਿਅਕਤੀ ਉੱਥੇ ਗਿਆ ਤਾਂ ਉਸ ਦੀ ਨਜ਼ਰ ਲਾਸ਼ 'ਤੇ ਪਈ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਕਿਉਂਕਿ ਲਾਸ਼ ਸੁੰਨਸਾਨ ਇਲਾਕੇ 'ਚੋਂ ਮਿਲੀ ਹੈ। ਇਹ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਕਤਲ ਦਾ, ਇਸ ਬਾਰੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲਾਸ਼ 25-30 ਸਾਲਾਂ ਦੇ ਨੌਜਵਾਨ ਦੀ ਲੱਗ ਰਹੀ ਹੈ। ਲਾਸ਼ ਦੀ ਸ਼ਨਾਖਤ ਕਰਨੀ ਕਾਫੀ ਮੁਸ਼ਕਲ ਹੋ ਰਹੀ ਹੈ ਕਿਉਂਕਿ ਬੀਤੇ 2 ਮਹੀਨਿਆਂ ਤੋਂ ਲਾਸ਼ ਇਸੇ ਤਰ੍ਹਾਂ ਲਟਕੀ ਹੋਈ ਹੈ, ਜਿਸ ਕਾਰਨ ਕਾਫੀ ਸੜ ਗਈ ਹੈ। ਲਾਸ਼ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਸਮਾਨ ਵੀ ਬਰਾਮਦ ਨਹੀਂ ਕੀਤਾ ਗਿਆ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।