ਭਾਖੜਾ ਨਹਿਰ ''ਚੋਂ ਹੱਥ-ਪੈਰ ਬੰਨ੍ਹੀ ਲਾਸ਼ ਮਿਲੀ

01/18/2018 7:49:42 AM

ਪਟਿਆਲਾ  (ਬਲਜਿੰਦਰ) - ਸਮਾਣਾ ਰੋਡ 'ਤੇ ਸਥਿਤ ਕਕਰਾਲਾ ਪਿੰਡ ਕੋਲੋਂ ਲੰਘਦੀ ਭਾਖੜਾ ਨਹਿਰ ਵਿਚੋਂ ਇਕ ਹੱਥ-ਪੈਰ ਬੰਨ੍ਹੀ ਹੋਈ ਲਾਸ਼ ਮਿਲੀ, ਜਿਸਨੂੰ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਨੇ ਬਾਹਰ ਕੱਢਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਪਸਿਆਣਾ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਜਾਂਚ 'ਚ ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ (32) ਵਾਸੀ ਅੰਬਾਲਾ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਤੁਰੰਤ ਕਬਜ਼ੇ ਵਿਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ ਹੈ ਅਤੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।
ਲੜ ਕੇ ਪੇਕੇ ਗਈ ਪਤਨੀ ਨੂੰ ਮਿਲਣ ਤੋਂ ਬਾਅਦ ਹੋਇਆ ਸੀ ਲਾਪਤਾ : ਮੌਕੇ 'ਤੇ ਪਹੁੰਚੇ ਨਰਿੰਦਰ ਦੇ ਇਕ ਰਿਸ਼ਤੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ, ਜਿਸ ਦੇ ਇਕ ਲੜਕਾ ਵੀ ਹੈ। ਨਰਿੰਦਰ ਦਾ ਅਕਸਰ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਤੇ ਇਨ੍ਹਾਂ ਦਿਨਾਂ 'ਚ ਉਹ ਆਪਣੇ ਪੇਕੇ ਮੰਡੀ ਗੋਬਿੰਦਗੜ੍ਹ ਵਿਖੇ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਲੰਘੀ 9 ਜਨਵਰੀ ਨੂੰ ਨਰਿੰਦਰ ਆਪਣੀ ਪਤਨੀ ਨੂੰ ਮਿਲਣ ਲਈ ਮੰਡੀ ਗੋਬਿੰਦਗੜ੍ਹ ਗਿਆ ਸੀ, ਜਿਥੋਂ ਵਾਪਸੀ ਸਮੇਂ ਉਸਨੇ ਰਾਜਪੁਰਾ ਦੇ ਕੋਲ ਪਹੁੰਚ ਕੇ ਆਪਣੇ ਭਰਾ ਨੂੰ ਸਾਰੀ ਗੱਲਬਾਤ ਦੱਸੀ ਅਤੇ ਉਸ ਤੋਂ ਬਾਅਦ ਅਚਾਨਕ ਲਾਪਤਾ ਹੋ ਗਿਆ।
ਸਹੁਰਿਆਂ ਖਿਲਾਫ ਕੇਸ ਦਰਜ : ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਨਰਿੰਦਰ ਦੇ ਸਹੁਰਾ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਨਰਿੰਦਰ 'ਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਲਵਿੰਦਰ ਨੇ ਦੋਸ਼ ਲਾਇਆ ਕਿ ਨਰਿੰਦਰ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਕਤਲ ਕਰ ਕੇ ਹੱਥ-ਪੈਰ ਬੰਨ੍ਹ ਕੇ ਭਾਖੜਾ ਨਹਿਰ ਵਿਚ ਸੁੱਟਿਆ। ਪੁਲਸ ਨੇ ਇਸ ਮਾਮਲੇ 'ਚ ਨਰਿੰਦਰ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਨਰਿੰਦਰ ਦੇ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News