ਚੰਡੀਗੜ੍ਹ ਦੇ ਮੁੰਡੇ ਦੀ ਖੂਨ ਨਾਲ ਲਥਪਥ ਮਿਲੀ ਸੀ ਲਾਸ਼, ਨੀਲੇ ਪੈ ਚੁੱਕੇ ਸਰੀਰ ਨੇ ਖੜ੍ਹੇ ਕੀਤੇ ਕਈ ਸਵਾਲ (ਤਸਵੀਰਾਂ)

11/10/2017 12:05:34 PM

ਪੰਚਕੂਲਾ/ਚੰਡੀਗੜ੍ਹ (ਚੰਦਨ) : ਪੰਚਕੂਲਾ-ਮੋਰਨੀ ਰੋਡ 'ਤੇ ਟੀ-ਪੁਆਇੰਟ ਤੋਂ ਕਰੀਬ 8 ਕਿਲੋਮੀਟਰ ਅੰਦਰ ਵਾਲੀ ਸੜਕ ਦੇ ਕਿਨਾਰੇ ਖੜ੍ਹੀ ਕਾਰ 'ਚ ਚੰਡੀਗੜ੍ਹ ਦੇ ਮੁੰਡੇ ਦੀ ਖੂਨ ਨਾਲ ਲਥਪਥ ਲਾਸ਼ ਬੀਤੇ ਦਿਨ ਬਰਾਮਦ ਕੀਤੀ ਗਈ ਸੀ। ਪੁਲਸ ਨੇ ਜਦੋਂ ਕਾਰ ਦਾ ਲਾਕ ਖੋਲ੍ਹਿਆ ਤਾਂ ਦੇਖਿਆ ਕਿ ਮ੍ਰਿਤਕ ਦੇ ਹੱਥਾਂ ਸਮੇਤ ਕਈ ਅੰਗ ਨੀਲੇ ਪੈ ਚੁੱਕੇ ਸਨ, ਜਿਸ ਨੂੰ ਦੇਖ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੌਤ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਸੈਕਟਰ-16, ਚੰਡੀਗੜ੍ਹ ਵਾਸੀ ਤਨਿਸ਼ਕ ਭਸੀਨ ਦੀ ਲਾਸ਼ ਮੋਰਨੀ ਰੋਡ 'ਤੇ ਖੜ੍ਹੀ ਕਾਰ 'ਚੋਂ ਬਰਾਮਦ ਕੀਤੀ ਗਈ। ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਕਾਰ ਅੰਦਰੋਂ ਲਾਕ ਸੀ। ਪੁਲਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਲਾਕ ਖੋਲ੍ਹਿਆ। ਮੌਕੇ 'ਤੇ ਸੀਨ ਆਫ ਕ੍ਰਾਈਮ ਦੀ ਟੀਮ ਵੀ ਪੁੱਜੀ। ਨੌਜਵਾਨ ਦੇ ਨੇੜੇ ਵਾਲੀ ਸੀਟ 'ਤੇ ਇਕ ਰਿਵਾਲਵਰ ਵੀ ਪਈ ਹੋਈ ਸੀ। ਫਿਲਹਾਲ ਪੁਲਸ ਨੇ ਜਾਂਚ ਤੋਂ ਬਾਅਦ ਰਿਵਾਲਵਰ ਅਤੇ ਕਾਰ ਕਬਜ਼ੇ 'ਚ ਲੈ ਲਈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਸੁਨੀਲ ਭਸੀਨ ਹਾਈਕੋਰਟ 'ਚ ਵਕੀਲ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ 'ਚ ਕਾਫੀ ਹੁਸ਼ਿਆਰ ਸੀ ਅਤੇ ਬੀ. ਕਾਮ ਕਰਨ ਤੋਂ ਬਾਅਦ ਉਹ ਆਈ. ਏ. ਐੱਸ. ਅਫਸਰ ਬਣਨਾ ਚਾਹੁੰਦਾ ਸੀ। ਇੱਥੋਂ ਤੱਕ ਕਿ ਬੋਰਡ ਦੀਆਂ ਕਲਾਸਾਂ 'ਚ ਵੀ ਤਨਿਸ਼ਕ ਦੇ ਨੰਬਰ 90 ਫੀਸਦੀ ਤੋਂ ਜ਼ਿਆਦਾ ਆਉਂਦੇ ਸਨ। 
ਖੁਦਕੁਸ਼ੀ ਜਾਂ ਕਤਲ, ਜਾਂਚ 'ਚ ਜੁੱਟੀ ਪੁਲਸ
ਪੁਲਸ ਨੂੰ ਮੁੱਢਲੀ ਜਾਂਚ 'ਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਕਿਉਂਕਿ ਮ੍ਰਿਤਕ ਦੇ ਮੱਥੇ 'ਤੇ ਗੋਲੀਆਂ ਦੇ ਨਿਸ਼ਾਨ ਸਨ। ਦੂਜੇ ਪਾਸੇ ਕਤਲ ਦੇ ਪਹਿਲੂਆਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ 'ਚ ਸਾਹਮਣੇ ਆਇਆ ਕਿ ਤਨਿਸ਼ਕ ਬੁੱਧਵਾਰ ਦੇਰ ਸ਼ਾਮ ਆਪਣੇ ਘਰੋਂ ਸਫੈਦ ਰੰਗ ਦੀ ਕੋਰੋਲਾ ਕਾਰ ਲੈ ਕੇ ਨਿਕਲਿਆ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਨੌਜਵਾਨ ਖੂਨ ਨਾਲ ਲਥਪਥ ਕਾਰ 'ਚ ਪਿਆ ਹੈ। ਪੁਲਸ ਨੂੰ ਕਾਰ 'ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਕਿਸੇ ਹੋਰ ਵਿਅਕਤੀ ਦੇ ਕਾਰ 'ਚ ਬੈਠੇ ਹੋਣ ਦਾ ਵੀ ਕੋਈ ਨਿਸ਼ਾਨ ਪੁਲਸ ਨੂੰ ਨਹੀਂ ਮਿਲਿਆ ਹੈ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਖੁਦਕੁਸ਼ੀ ਨਹੀਂ ਕਰ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਅਤੇ ਉਨ੍ਹਾਂ ਦੇ ਬੇਟੇ ਕੋਲ ਕੋਈ ਰਿਵਾਲਵਰ ਨਹੀਂ ਸੀ। ਪੁਲਸ ਇਹ ਵੀ ਪਤਾ ਲਾਉਣ 'ਚ ਜੁੱਟੀ ਹੋਈ ਹੈ ਕਿ ਆਖਰ ਤਨਿਸ਼ਕ ਨੇ ਇਹ ਰਿਵਾਲਵਰ ਕਿੱਥੋਂ ਹਾਸਲ ਕੀਤੀ ਸੀ। ਫਿਲਹਾਲ ਸੁਸਾਈਡ ਨੋਟ ਨਾ ਮਿਲਣ ਕਾਰਨ ਉਸ ਦੀ ਮੌਤ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਨੂੰ ਕਾਰ 'ਚੋਂ ਬੈਗ ਵੀ ਮਿਲਿਆ ਹੈ, ਜਿਸ 'ਚ ਲੈਪਟਾਪ ਅਤੇ ਇਕ ਚਾਕੂ ਬਰਾਮਦ ਕੀਤਾ ਗਿਆ ਹੈ। ਕਾਰ 'ਚੋਂ ਪੁਲਸ ਨੇ ਤਨਿਸ਼ਕ ਦਾ ਮੋਬਾਇਲ ਵੀ ਬਰਾਮਦ ਕੀਤਾ ਹੈ। ਪੁਲਸ ਉਸ ਦੀ ਕਾਲ ਡਿਟੇਲ ਅਤੇ ਟਾਵਰ ਲੋਕੇਸ਼ਨ ਖੰਗਾਲਣ 'ਚ ਜੁੱਟੀ ਹੋਈ ਹੈ। ਟਾਵਰ ਲੋਕੇਸ਼ਨ ਨਾਲ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚੋਂ ਨਿਕਲਣ ਤੋਂ ਬਾਅਦ ਉਹ ਮੋਰਨੀ ਗਿਆ ਜਾਂ ਰਸਤੇ ਤੋਂ ਹੀ ਵਾਪਸ ਮੁੜ ਗਿਆ ਸੀ।


Related News