ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ''ਚੋਂ ਬਰਾਮਦ
Saturday, Jul 22, 2017 - 07:22 AM (IST)
ਸਮਾਣਾ (ਦਰਦ) - 5 ਦਿਨ ਪਹਿਲਾਂ ਲਾਪਤਾ ਹੋਏ ਤੇਜ ਕਾਲੋਨੀ ਵਾਸੀ ਨੌਜਵਾਨ ਦੀ ਲਾਸ਼ ਬੀਤੀ ਸ਼ਾਮ ਭਾਖੜਾ ਨਹਿਰ ਦੀ ਖਨੌਰੀ ਬ੍ਰਾਂਚ ਤੋਂ ਬਰਾਮਦ ਹੋਈ ਹੈ। ਥਾਣਾ ਸਿਟੀ ਪੁਲਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (20) ਪੁੱਤਰ ਲਖਵਿੰਦਰ ਸਿੰਘ ਵਾਸੀ ਤੇਜ ਕਾਲੋਨੀ ਰਿਲਾਇੰਸ ਟੈਲੀਕਾਮ ਪਟਿਆਲਾ ਵਿਚ ਬਤੌਰ ਅਸਿਸਟੈਂਟ ਮਕੈਨਿਕ ਵਜੋਂ ਕੰਮ ਕਰਦਾ ਸੀ। ਐਤਵਾਰ ਨੂੰ ਛੁੱਟੀ ਵਾਲੇ ਦਿਨ ਆਪਣੇ ਕੁੱਝ ਦੋਸਤਾਂ ਨਾਲ ਭਾਖੜਾ ਨਹਿਰ 'ਚ ਨਹਾਉਣ ਗਿਆ ਸੀ। ਇਸ ਦੌਰਾਨ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਿਆ। ਦੋਸਤਾਂ ਵਿਚੋਂ ਕੋਈ ਤਾਰੂ ਨਾ ਹੋਣ ਕਾਰਨ ਉਸ ਨੂੰ ਕੋਈ ਬਚਾਅ ਨਾ ਸਕਿਆ ਅਤੇ ਉਹ ਡੁੱਬ ਗਿਆ। ਵਾਰਿਸਾਂ ਨੂੰ ਸੂਚਨਾ ਮਿਲਣ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਕੇ ਭਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਭਾਲ ਵਿਚ ਉਹ ਖਨੌਰੀ ਵੀ ਬੈਠੇ ਰਹੇ। ਬੀਤੀ ਸ਼ਾਮ ਖਨੌਰੀ ਭਾਖੜਾ ਨਹਿਰ ਵਿਚੋਂ ਉਸ ਦੀ ਲਾਸ਼ ਮਿਲਣ 'ਤੇ ਉਸ ਨੂੰ ਸਮਾਣਾ ਲਿਆਂਦਾ ਗਿਆ।
