ਮਲੂਕਪੁਰਾ ਮਾਈਨਰ ਤੇ ਨਹਿਰ ’ਚੋਂ 2 ਲਾਸ਼ਾਂ ਬਰਾਮਦ
Sunday, Aug 19, 2018 - 01:12 AM (IST)

ਅਬੋਹਰ, (ਸੁਨੀਲ)– ਅਬੋਹਰ-ਹਨੂਮਾਨਗਡ਼੍ਹ ਰੋਡ ਦੇ ਬਾਈਪਾਸ ਤੋਂ ਲੰਘਦੀ ਮਲੂਕਪੁਰਾ ਮਾਈਨਰ ’ਚ ਅੱਜ ਸਵੇਰੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਨੇ ਪੁਲਸ ਦੇ ਸਹਿਯੋਗ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸੇਵਾਦਾਰ ਰਾਜੂ ਚਰਾਇਆ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹਨੂਮਾਨਗਡ਼੍ਹ ਰੋਡ ’ਤੇ ਚਾਹ ਦਾ ਖੋਖਾ ਲਾਉਣ ਵਾਲੇ ਉਨ੍ਹਾਂ ਦੇ ਇਕ ਸਾਥੀ ਸ਼ੇਰਾ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮਲੂਕਪੁਰਾ ਮਾਈਨਰ ’ਚ ਇਕ ਵਿਅਕਤੀ ਦੀ ਲਾਸ਼ ਫਸੀ ਹੋਈ ਹੈ, ਜਿਸ ’ਤੇ ਉਹ ਆਪਣੇ ਸਾਥੀਆਂ ਬਿੱਟੂ ਨਰੂਲਾ ਅਤੇ ਜਗਦੇਵ ਬਰਾਡ਼ ਸਣੇ ਮੌਕੇ ’ਤੇ ਪੁੱਜੇ ਅਤੇ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਥਾਣਾ ਮੁਖੀ ਚੰਦਰ ਸ਼ੇਖਰ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ, ਜਿਨ੍ਹਾਂ ਦੀ ਹਾਜ਼ਰੀ ’ਚ ਉਨ੍ਹਾਂ ਵਿਅਕਤੀ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾੲਿਆ। ਮ੍ਰਿਤਕ ਦੇ ਇਕ ਪੈਰ ’ਚ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਹੈ ਤੇ ਉਸ ਨੇ ਕਾਲੇ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 25 ਤੋਂ 30 ਸਾਲ ਹੈ। ਲਾਸ਼ ਕਰੀਬ 2 ਦਿਨ ਪੁਰਾਣੀ ਹੈ।
ਫਾਜ਼ਿਲਕਾ, (ਲੀਲਾਧਰ, ਨਾਗਪਾਲ)–ਪਿੰਡ ਥੇਹ ਕਲੰਦਰ ’ਚ ਸਥਿਤ ਰੇਲਵੇ ਸਟੇਸ਼ਨ ਦੇ ਨੇਡ਼ੇ ਰੇਲ ਲਾਈਨਾਂ ਦੇ ਹੇਠੋਂ ਲੰਘਣ ਵਾਲੀ ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਅਾਂ ਰੇਲਵੇ ਪੁਲਸ ਚੌਕੀ ਦੇ ਏ. ਐੱਸ. ਆਈ. ਛਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਲਗਭਗ ਸਵਾ 2 ਵਜੇ ਉਨ੍ਹਾਂ ਨੂੰ ਪਿੰਡ ਥੇਹ ਕਲੰਦਰ ’ਚ ਸਥਿਤ ਰੇਲਵੇ ਸਟੇਸ਼ਨ ਦੇ ਨੇਡ਼ੇ ਸਥਿਤ ਗੇਟ ਮੈਨ ਨੇ ਫੋਨ ’ਤੇ ਦੱਸਿਆ ਕਿ ਸਟੇਸ਼ਨ ਦੇ ਨੇਡ਼ੇ ਰੇਲ ਲਾਈਨਾਂ ਦੇ ਹੇਠਾਂ ਤੋਂ ਲੰਘਣ ਵਾਲੀ ਨਹਿਰ ਦੇ ਪੁਲ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਫਸੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਮਾਚਾਰ ਮਿਲਣ ’ ਤੇ ਰੇਲਵੇ ਪੁਲਸ ਨੇ ਸਖਤ ਮੁਸ਼ਕਤ ਤੋਂ ਬਾਅਦ ਉਕਤ ਵਿਅਕਤੀ ਦੀ ਲਾਸ਼ ਰੇਲ ਲਾਈਨਾਂ ਦੇ ਹੇਠੋਂ ਨਹਿਰ ’ਚੋਂ ਕੱਢੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ’ਚ ਰਖਵਾਈ। ਉਨ੍ਹਾਂ ਦੱਸਿਆ ਕਿ 45 ਵਰ੍ਹਿਆਂ ਦੇ ਉਕਤ ਮ੍ਰਿਤਕ ਵਿਅਕਤੀ ਨੇ ਕਰੀਮ ਰੰਗ ਦਾ ਕਮੀਜ਼ ਪਜਾਮਾ ਪਾਇਆ ਹੋਇਆ ਸੀ ਤੇ ਲਾਸ਼ ਦੇ ਕਈ ਦਿਨਾਂ ਤੋਂ ਪਾਣੀ ’ਚ ਰਹਿਣ ਕਾਰਨ ਜਾਨਵਰਾਂ ਨੇ ਉਸ ਦੇ ਸਰੀਰ ਦੇ ਕਈ ਅੰਗ ਖਾਧੇ ਹੋਏ ਸਨ। ਰੇਲਵੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।