ਕੁੜੀ ਨੂੰ ਘਰੋਂ ਭਜਾ ਲਿਜਾਣ ਵਾਲੇ ਨੌਜਵਾਨ ਦੀ ਦਰਿਆ ’ਚੋਂ ਮਿਲੀ ਲਾਸ਼
Thursday, Aug 16, 2018 - 11:45 PM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ, ਰਾਜੇਸ਼)- ਲਡ਼ਕੀ ਨੂੰ ਘਰੋਂ ਭਜਾ ਕੇ ਲਿਜਾਣ ਵਾਲੇ ਨੌਜਵਾਨ ਦੀ ਲਾਸ਼ ਸਤਲੁਜ ਦਰਿਆ ਤੋਂ ਬਰਾਮਦ ਹੋਈ ਹੈ। ਥਾਣਾ ਕਾਠਗਡ਼੍ਹ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਸ਼ਮੀਰੀ ਲਾਲ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਬੱਛੂਆ ਥਾਣਾ ਕਾਠਗਡ਼੍ਹ ਨੇ ਦੱਸਿਆ ਕਿ ਉਸ ਦਾ ਭਤੀਜਾ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸਵ. ਰਾਜਕੁਮਾਰ ਪਿਛਲੇ ਕਰੀਬ 6 ਮਹੀਨਿਅਾਂ ਤੋਂ ਪਿੰਡ ਰੇਲਮਾਜਰਾ ਵਿਖੇ ਹਲਵਾਈ ਦਾ ਕੰਮ ਕਰਦਾ ਸੀ। ਲਵਪ੍ਰੀਤ ਦੇ ਪਿੰਡ ਰੈਲਮਾਜਰਾ ਵਾਸੀ ਲਡ਼ਕੀ ਨਾਲ ਪ੍ਰੇਮ ਸੰਬੰਧ ਬਣ ਗਏ ਸਨ। 27 ਜੂਨ ਨੂੰ ਲਵਪ੍ਰੀਤ ਤੇ ਉਕਤ ਲਡ਼ਕੀ ਅਾਪਣੀ ਮਰਜ਼ੀ ਨਾਲ ਘਰ ਤੋਂ ਕਿਧਰੇ ਚਲੇ ਗਏ ਸਨ। 29 ਜੂਨ ਨੂੰ ਉਕਤ ਲਡ਼ਕੀ ਦੇ ਪਰਿਵਾਰ ਦੇ ਮੈਂਬਰਾਂ ਨੇ 4-5 ਅਣਪਛਾਤੇ ਲੋਕਾਂ ਦੇ ਨਾਲ ਉਸਦੇ ਭਰਾ ਦੇ ਘਰ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਲਡ਼ਕੇ ਅਤੇ ਲਡ਼ਕੀ ਨੂੰ ਜਾਨੋਂ ਮਾਰ ਦੇਣਾ ਹੈ। ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਥਾਣਾ ਕਾਠਗਡ਼੍ਹ ਵਿਖੇ ਉਨ੍ਹਾਂ ਉਸ ਦੇ ਭਤੀਜੇ ਖਿਲਾਫ਼ ਮਾਮਲਾ ਵੀ ਦਰਜ ਕਰਵਾਇਆ ਸੀ। ਉਸ ਨੇ ਦੱਸਿਆ ਕਿ ਉਹ ਅਾਪਣੇ ਭਤੀਜੇ ਦੀ ਤਲਾਸ਼ ਕਰਦੇ ਰਹੇ ਪਰ ਉਹ ਕਿਧਰੇ ਨਹੀਂ ਮਿਲਿਆ। 8 ਅਗਸਤ ਨੂੰ ਉਸਦੇ ਭਤੀਜੇ ਦਾ ਮੋਟਰਸਾਈਕਲ ਸਤਲੁਜ ਦਰਿਆ ਤੇ ਪਿੰਡ ਸਾਰੰਗਪੁਰ ਪੰਡ ਪੇਡਾ ਬੇਡੀ ਦੇ ਨਜ਼ਦੀਕ ਪਿਆ ਮਿਲਿਆ ਸੀ, ਜਿਥੇ ਉਸ ਦੀਆਂ ਚੱਪਲਾਂ ਵੀ ਪਈਅਾਂ ਸਨ। ਉਪਰੰਤ 14 ਅਗਸਤ ਨੂੰ ਸਤਲੁਜ ਦਰਿਆ ਬੁਰਜੀ ਨੰਬਰ 5 ਲਾਡੋਵਾਲ ਤੋਂ ਲਵਲੀ ਦੀ ਲਾਸ਼ ਮਿਲੀ। ਉਸ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਸ ਦੇ ਭਤੀਜੇ ਅਤੇ ਲਡ਼ਕੀ ਦੀ ਕਥਿਤ ਤੌਰ ’ਤੇ ਔਨਰ ਕਿਲਿੰਗ ਕੀਤੀ ਗਈ ਹੈ। ਥਾਣਾ ਕਾਠਗਡ਼੍ਹ ਦੇ ਐੱਸ.ਐੱਚ.ਓ. ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਮੋਹਨ ਮਾਜਰਾ ਦੇ ਨਜ਼ਦੀਕ ਬੀਤੀ 10 ਅਗਸਤ ਨੂੰ ਇਕ ਲਾਸ਼ ਮਿਲੀ ਸੀ, ਜਿਸਦੀ ਪਛਾਣ ਨਹੀ ਹੋ ਪਾਈ ਸੀ। ਫਿਲਹਾਲ ਪੁਲਸ ਨੇ ਲਵਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਰਿਪੋਰਟ ਆਉਣ ਉਪਰੰਤ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਪਾਏਗਾ। ਪੁਲਸ ਨੇ ਨੌਜਵਾਨ ਦੇ ਚਾਚੇ ਦੇ ਬਿਆਨਾਂ ’ਤੇ 4 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਐੱਸ.ਐੱਸ.ਪੀ. ਦੀਪਕ ਹਿਲੌਰੀ
ਐੱਸ.ਐੱਸ.ਪੀ. ਦੀਪਕ ਹਿਲੌਰੀ ਨੇ ਕਿਹਾ ਕਿ ਚਾਹੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਪਰ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਮਾਮਲਾ ਹੱਤਿਆ ਦਾ ਹੈ ਜਾਂ ਮੌਤ ਦਾ ਕੋਈ ਹੋਰ ਕਾਰਨ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਨਾ ਹੀ ਲਡ਼ਕੀ ਮਿਲੀ ਹੈ ਅਤੇ ਨਾ ਹੀ ਉਸਦੀ ਲਾਸ਼ ਬਰਾਮਦ ਹੋਈ ਹੈ, ਜਿਸ ਕਰਕੇ ਉਕਤ ਮਾਮਲਾ ਬਿਆਨਾਂ ਦੇ ਆਧਾਰ ’ਤੇ ਹੀ ਦਰਜ ਕੀਤਾ ਗਿਆ ਹੈ।