ਸ਼ੱਕੀ ਹਾਲਤ ’ਚ ਮਿਲੀ ਲਾਸ਼ ਸਬੰਧੀ 2 ਵਿਰੁੱਧ ਕੇਸ ਦਰਜ
Saturday, Jun 16, 2018 - 03:47 AM (IST)

ਬਟਾਲਾ(ਬੇਰੀ, ਖੋਸਲਾ, ਬਲਬੀਰ,ਵਿਨੋਦ,ਦੀਪਕ)-ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਡੇਅਰੀਵਾਲ ਦਰੋਗਾ ਦੇ ਕਮਾਦ ਦੇ ਖੇਤ ’ਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲਣ ਦੇ ਸੰਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ ਦੋ ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦਿਲਤਾਜ ਸਿੰਘ ਦੇ ਪਿਤਾ ਗੁਰਿੰਦਰ ਸਿੰਘ ਵਾਸੀ ਪਿੰਡ ਅਰਜਨਪੁਰ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਲਡ਼ਕਾ ਦਿਲਤਾਜ ਸਿੰਘ ਦਿੱਲੀ ਦੇ ਇਕ ਟੋਲ ਪਲਾਜਾ ’ਤੇ ਕੰਮ ਕਰਦਾ ਸੀ ਜੋ ਇਕ ਦਿਨ ਪਹਿਲਾ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ ਕਿ ਬੀਤੀ ਰਾਤ ਨੂੰ ਗੁਰਜੰਟ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਕੋਹਾਡ਼ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਆਏ ਅਤੇ ਦਿਲਤਾਜ ਸਿੰਘ ਨੂੰ ਆਪਣੇ ਨਾਲ ਲੈ ਗਏ, ਜੋ ਕਾਫੀ ਸਮੇਂ ਬਾਅਦ ਜਦ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਫੋਨ ’ਤੇ ਭਲੇ ਦਿਲਤਾਜ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਪਰ ਜਦੋਂ ਉਸਦੀ ਭਾਲ ਸ਼ੁਰੂ ਕੀਤੀ ਤਾਂ ਫਿਰ ਵੀ ਉਸਦਾ ਕੋਈ ਪਤਾ ਨਾ ਲੱਗਾ। ਪੀਡ਼ਤ ਗੁਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਅੱਜ ਸਵੇਰੇ ਉਸਦੇ ਪੁੱਤਰ ਦਿਲਤਾਜ ਸਿੰਘ ਦੀ ਸ਼ੱਕੀ ਹਾਲਤ ’ਚ ਪਿੰਡ ਡੇਅਰੀਵਾਲ ਦਰੋਗਾ ਦੇ ਕਮਾਦ ਦੇ ਇਕ ਖੇਤ ’ਚੋਂ ਲਾਸ਼ ਬਰਾਮਦ ਹੋਈ। ਡੀ.ਐੱਸ.ਪੀ ਮਨਜੀਤ ਸਿੰਘ, ਥਾਣਾ ਮੁਖੀ ਅਮਨਦੀਪ ਸਿੰਘ ਨੇ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਗੁਰਜੰਟ ਸਿੰਘ ਅਤੇ ਉਸਦੇ ਸਾਥੀ ਵਿਰੁੱਧ ਧਾਰਾ 304 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।