ਖੇਤਾਂ ''ਚੋਂ ਮਿਲੀ ਔਰਤ ਦੀ ਲਾਸ਼

09/24/2017 3:14:46 AM

ਲੁਧਿਆਣਾ(ਪੰਕਜ)-ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਪ੍ਰੀਤਮ ਕਾਲੋਨੀ ਦੇ ਖੇਤਾਂ 'ਚੋਂ ਪੁਲਸ ਨੂੰ ਇਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਦੀ ਹੱਤਿਆ ਕਰਨ ਦੇ ਬਾਅਦ ਹਤਿਆਰਿਆਂ ਨੇ ਪਛਾਣ ਛੁਪਾਉਣ ਲਈ ਲਾਸ਼ ਦੇ ਚਿਹਰੇ ਨੂੰ ਤੇਜ਼ਾਬ ਨਾਲ ਸਾੜ ਦਿੱਤਾ।   ਥਾਣਾ ਇੰਚਾਰਜ ਬਿਟਨ ਕੁਮਾਰ ਨੇ ਦੱਸਿਆ ਕਿ ਪ੍ਰੀਤਮ ਕਾਲੋਨੀ ਗਿਆਸਪੁਰਾ ਸਥਿਤ ਬਲਬੀਰ ਸਿੰਘ ਦੇ ਖੇਤਾਂ 'ਚੋਂ ਸ਼ਨੀਵਾਰ ਨੂੰ ਜਦ ਮਜ਼ਦੂਰ ਰਾਜੂ ਘਾਹ ਕੱਟਣ ਲਈ ਪਹੁੰਚਿਆਂ ਤਾਂ ਉਸ ਨੇ ਦੇਖਿਆ ਕਿ ਉਥੇ ਇਕ ਮਹਿਲਾ ਦੀ ਸੜੀ ਹੋਈ ਲਾਸ਼ ਪਈ ਹੈ, ਜਿਸ 'ਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਏ. ਡੀ. ਸੀ. ਪੀ. ਸੰਦੀਪ ਗਰਗ ਅਤੇ ਏ. ਸੀ. ਪੀ. ਅਮਨਦੀਪ ਬਰਾੜ ਵੀ ਘਟਨਾ ਸਥਾਨ 'ਤੇ ਪਹੁੰਚੇ। ਲਾਸ਼ ਨੂੰ ਦੇਖ ਕੇ ਔਰਤ ਦੀ ਉਮਰ ਕੁਝ ਜ਼ਿਆਦਾ ਨਹੀਂ ਲੱਗ ਰਹੀ ਸੀ। ਉਸ ਦੀ ਹੱਤਿਆ ਕਿਤੇ ਹੋਰ ਕੀਤੀ ਗਈ ਅਤੇ ਫਿਰ ਲਾਸ਼ ਦੀ ਪਛਾਣ ਛੁਪਾਉਣ ਲਈ ਮੂੰਹ 'ਤੇ ਤੇਜ਼ਾਬ ਪਾਇਆ ਤੇ ਖੇਤਾਂ 'ਚ ਹਤਿਆਰਿਆਂ ਨੇ ਸੁੱਟ ਦਿੱਤਾ। ਲਾਸ਼ ਤਿੰਨ-ਚਾਰ ਦਿਨ ਪੁਰਾਣੀ ਲੱਗਦੀ ਸੀ ਕਿਉਂਕਿ ਉਸ 'ਚ ਕੀੜੇ ਪੈ ਗਏ ਸਨ। ਥਾਣਾ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਔਰਤ ਦੀ ਪਛਾਣ 'ਚ ਜੁਟ ਗਈ ਹੈ, ਜਿਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 


Related News