ਮਾਛੀਵਾੜਾ ਬੱਸ ਅੱਡੇ ਦੇ ਬਾਥਰੂਮ ''ਚੋਂ ਮਿਲੀ ਸਕਿਓਰਿਟੀ ਗਾਰਡ ਦੀ ਲਾਸ਼

03/18/2021 2:36:38 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬੱਸ ਅੱਡੇ ਦੇ ਬਾਥਰੂਮ ’ਚੋਂ  ਬੀਤੀ ਰਾਤ ਨੌਜਵਾਨ ਗੁਰਮੁਖ ਸਿੰਘ (29) ਦੀ ਲਾਸ਼ ਬਰਾਮਦ ਕੀਤੀ ਗਈ। ਗੁਰਮੁਖ ਸਿੰਘ ਦੀ ਮੌਤ ਬਾਰੇ ਅਜੇ ਭੇਤ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਪਹਿਲਾਂ ਮਾਛੀਵਾੜਾ ਵਿਖੇ ਰਹਿੰਦਾ ਸੀ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਹ ਆਪਣੀ ਪਤਨੀ ਸਮੇਤ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਚੰਡੀਗੜ੍ਹ ਵਿਖੇ ਕਿਸੇ ਕੰਪਨੀ ’ਚ ਸਕਿਓਰਿਟੀ ਗਾਰਡ ਵੱਜੋਂ ਕੰਮ ਕਰਦਾ ਸੀ ਅਤੇ ਬੀਤੇ ਦਿਨ ਉਹ ਮਾਛੀਵਾੜਾ ਵਿਖੇ ਕਿਵੇਂ ਆਇਆ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

ਬੱਸ ਅੱਡੇ ਦੇ ਬਾਥਰੂਮ ਵਿਚ ਫੋਨ ਦੀਆਂ ਘੰਟੀਆਂ ਵੱਜ ਰਹੀਆਂ ਸਨ ਤਾਂ ਉੱਥੇ ਕੰਮ ਕਰਦੇ ਇੱਕ ਨੌਜਵਾਨ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਬਾਥਰੂਮ ਦਾ ਦਰਵਾਜ਼ਾ ਨਾ ਖੋਲ੍ਹਣ ’ਤੇ ਉਸ ਵੱਲੋਂ ਤੁਰੰਤ ਮਾਛੀਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਪੁੱਜੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਬਾਥਰੂਮ ਵਿੱਚ ਗੁਰਮੁਖ ਸਿੰਘ ਮੂੰਹ ਭਾਰ ਡਿਗਿਆ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਪੁਲਸ ਅਨੁਸਾਰ ਉਸ ਦੀ ਮੌਤ ਦਿਨ ਵੇਲੇ ਹੋਈ ਦੱਸੀ ਜਾ ਰਹੀ ਹੈ ਕਿਉਂਕਿ ਲਾਸ਼ ਆਕੜ ਗਈ ਸੀ ਅਤੇ ਉਸ ਦੇ ਫੋਨ ’ਤੇ ਵੀ ਕਾਫ਼ੀ ਮਿਸ ਕਾਲਾਂ ਆਈਆਂ ਸਨ, ਜੋ ਉਹ ਚੁੱਕ ਨਾ ਸਕਿਆ।

ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਗੁਰਮੁਖ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਅਤੇ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਉਸ ਨੂੰ ਬਾਥਰੂਮ ਵਿਚ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਹ ਮੂੰਹ ਭਾਰ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
 


Babita

Content Editor

Related News