ਬੱਸ ਦੀ ਟੱਕਰ ਨਾਲ ਦੋਫਾੜ ਹੋਇਆ ਟਰੈਕਟਰ! ਝੋਨੇ ਦੇ ਖੇਤਾਂ ’ਚ ਡਿੱਗਿਆ
Sunday, Sep 20, 2026 - 05:06 PM (IST)
ਮਹਿਲ ਕਲਾਂ (ਹਮੀਦੀ)- ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਵਜੀਦਕੇ ਖੁਰਦ ਦੇ ਗੁਰਦੁਆਰਾ ਸਤਿ ਕਰਤਾਰ ਸਾਹਿਬ ਦੇ ਸਾਹਮਣੇ ਇਕ ਨਿੱਜੀ ਕੰਪਨੀ ਦੀ ਬੱਸ ਵੱਲੋਂ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਵਾਪਰੇ ਸੜਕ ਹਾਦਸੇ ’ਚ ਟਰੈਕਟਰ ਸਵਾਰ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਵਿਚਾਲਿਓਂ ਟੁੱਟ ਕੇ ਸੜਕ ਕੰਢੇ ਝੋਨੇ ਦੀ ਫਸਲ ’ਚ ਜਾ ਡਿੱਗਿਆ।

ਜਾਣਕਾਰੀ ਅਨੁਸਾਰ ਇੱਟਾਂ ਢੋਣ ਵਾਲੀ ਖਾਲੀ ਟਰੈਕਟਰ-ਟਰਾਲੀ ਮਹਿਲ ਕਲਾਂ ਵਾਲੇ ਪਾਸਿਓਂ ਬਰਨਾਲਾ ਵੱਲ ਜਾ ਰਹੀ ਸੀ। ਜਦੋਂ ਇਹ ਪਿੰਡ ਵਜੀਦਕੇ ਖੁਰਦ ਵਿਖੇ ਗੁਰਦੁਆਰਾ ਸਤਿ ਕਰਤਾਰ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਪਿੱਛੋਂ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੇ ਟਰੈਕਟਰ-ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੈਕਟਰ ਸੜਕ ਕੰਢੇ ਝੋਨੇ ਦੀ ਫਸਲ ’ਚ ਜਾ ਡਿੱਗਿਆ ਅਤੇ ਟਰੈਕਟਰ-ਟਰਾਲੀ ’ਤੇ ਸਵਾਰ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਹਾਕਮ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ, ਵਾਸੀ ਠੀਕਰੀਵਾਲ, ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵਿਸ਼ਾਲ ਕੁਮਾਰ ਮਹਿਲਾਂ, ਸਿਪਾਹੀ ਗਗਨਪ੍ਰੀਤ ਕੌਰ ਅਤੇ ਹਰਮਨਜੋਤ ਕੌਰ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਹਾਦਸੇ ਵਾਲੀ ਥਾਂ ਤੋਂ ਜ਼ਖਮੀਆਂ ਦੀ 50 ਹਜ਼ਾਰ ਰੁਪਏ ਦੀ ਨਕਦੀ ਵੀ ਮਿਲੀ, ਜੋ ਉਨ੍ਹਾਂ ਨੇ ਇਮਾਨਦਾਰੀ ਦਿਖਾਉਂਦਿਆਂ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਉਧਰ, ਦੂਜੇ ਪਾਸੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਬਰਨਾਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਾਦਸੇ ਸਬੰਧੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਹਸਪਤਾਲ ਤੋਂ ਰੁੱਕਾ ਪ੍ਰਾਪਤ ਨਹੀਂ ਹੋਇਆ। ਰੁੱਕਾ ਮਿਲਣ ਤੋਂ ਬਾਅਦ ਹੀ ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
