ਕੱਲ੍ਹ ਤੋਂ ਕਲਮ ਛੋੜ ਹੜਤਾਲ 'ਤੇ ਰਹਿਣਗੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ, ਇੰਨੇ ਦਿਨ ਬੰਦ ਰਹੇਗਾ ਕੰਮ
Wednesday, May 17, 2023 - 10:49 PM (IST)
ਹੁਸ਼ਿਆਰਪੁਰ (ਜੈਨ)- ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 18 ਮਈ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ। ਇਸ ਕਾਰਨ ਆਉਣ ਵਾਲੇ ਕੁੱਝ ਦਿਨ ਲੋਕਾਂ ਦੇ ਕੰਮ ਪ੍ਰਭਾਵਿਤ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ ਫ਼ਿਰ ਕਰਵਟ ਲਵੇਗਾ ਮੌਸਮ! ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਇਹ ਭਵਿੱਖਬਾਣੀ
ਯੂਨੀਅਨ ਦੇ ਸੂਬਾਈ ਪ੍ਰਧਾਨ ਤਜਿੰਦਰ ਸਿੰਘ, ਸੂਬਾ ਜਨਰਲ ਸਕੱਤਰ ਨਰਿੰਦਰ ਚੀਮਾ, ਸੂਬਾਈ ਉੱਪ ਪ੍ਰਧਾਨ ਸਤੀਸ਼ ਬਹਿਲ ਤੇ ਦੀਪਕ ਤ੍ਰੇਹਨ, ਸੂਬਾਈ ਵਿੱਤ ਸਕੱਤਰ ਕੁਲਵਿੰਦਰ ਚੀਮਾ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਵਿਕ੍ਰਮ ਆਦੀਆ ਤੇ ਜਨਰਲ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ’ਚ ਰੱਖੀ ਗਈ ਕੈਬਨਿਟ ਦੀ ਮੀਟਿੰਗ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਡੀ. ਸੀ. ਦਫਤਰ ਮੁਲਾਜ਼ਮ ਯੂਨੀਅਨ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਲਈ ਸੱਦਿਆ ਗਿਆ ਸੀ। ਪਰ ਦਿਨ ਭਰ ਉਡੀਕ ’ਚ ਬੈਠੇ ਰਹੇ ਸੂਬਾ ਭਰ ਤੋਂ ਆਏ ਯੂਨੀਅਨ ਦੇ ਨੇਤਾਵਾਂ ਨੂੰ ਮੁੱਖ ਮੰਤਰੀ ਬਿਨਾਂ ਮਿਲੇ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਠੀਕ ਨਹੀਂ ਹਨ ਸ਼ੂਗਰ ਫ੍ਰੀ ਗੋਲੀਆਂ! WHO ਨੇ ਵਰਤੋਂ ਤੋਂ ਬਚਣ ਦੀ ਦਿੱਤੀ ਸਲਾਹ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਂਹ ਪੱਖੀ ਵਤੀਰੇ ਨੂੰ ਲੈ ਕੇ 18 ਮਈ ਤੋਂ ਸੂਬਾ ਭਰ ਦੇ ਡੀ. ਸੀ. ਦਫਤਰਾਂ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ ਅਤੇ ਇਹ ਹੜਤਾਲ 23 ਮਈ ਤੱਕ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਉਹ ਲੰਬੇ ਅਰਸੇ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਡੀ.ਸੀ. ਦਫਤਰਾਂ, ਐੱਸ.ਡੀ.ਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ’ਚ ਮੁਲਾਜ਼ਮਾਂ ਦੀ ਭਾਰੀ ਕਮੀ ਚੱਲ ਰਹੀ ਹੈ। ਸਰਕਾਰ ਵੱਲੋਂ ਮੁੜ ਗਠਨ ਦੇ ਨਾਂ ’ਤੇ ਡੀ.ਸੀ. ਦਫਤਰਾਂ ਦੀਆਂ ਕਈ ਸ਼ਾਖਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਮੁਲਾਜ਼ਮਾਂ ਦੀ ਤਰੱਕੀਆਂ ਰੁਕ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਰਵਨੀਤ ਕੌਰ ਦੀ ਵੱਡੀ ਪ੍ਰਾਪਤੀ, CCI ਦੀ ਪਹਿਲੀ ਮਹਿਲਾ ਚੇਅਰਪਰਸਨ ਬਣੀ
ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰਾਂ ਦਾ ਪ੍ਰਮੋਸ਼ਨ ਕੋਟਾ ਵਧਾਇਆ ਜਾਵੇ, ਮਾਲ ਵਿਭਾਗ ’ਚ ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਬੰਦ ਕਰ ਕੇ ਤਰੱਕੀਆਂ ਰਾਹੀਂ ਸੀਨੀਅਰ ਸਹਾਇਕਾਂ ਦੇ ਅਹੁਦਿਆਂ ਦੀ ਭਰਤੀ ਹੋਵੇ। ਡੀ.ਸੀ. ਦਫਤਰਾਂ ਦੇ ਮੁਲਾਜ਼ਮਾਂ ਨੂੰ 5 ਫੀਸਦੀ ਵਾਧੂ ਪ੍ਰਸ਼ਾਸਕੀ ਭੱਤਾ ਦਿੱਤਾ ਜਾਵੇ, 50 ਸਾਲ ਦੀ ਉਮਰ ਪੂਰੀ ਕਰ ਚੁਕੇ ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਨੂੰ ਬਤੌਰ ਸੀਨੀਅਰ ਸਕੇਲ ਸਟੈਨੋਗ੍ਰਾਫਰ ਪਦਉੱਨਤ ਕਰਨ ਲਈ ਟੈਸਟ ’ਚ ਛੋਟ ਦਿੱਤੀ ਜਾਵੇ। ਦੂਜੇ ਪਾਸੇ ਜ਼ਿਲ੍ਹਿਆਂ ’ਚ ਤਬਾਦਲਿਆਂ ਲਈ ਲਗਾਈ ਗਈ ਪਾਬੰਦੀ ਹਟਾਈ ਜਾਵੇ, ਡੀ.ਏ. ਦੀਆਂ ਰੁਕੀਆਂ ਕਿਸ਼ਤਾਂ ਦਾ ਜਲਦੀ ਭੁਗਤਾਨ ਕੀਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।