ਹੜ੍ਹਾਂ ਨਾਲ ਨਜਿੱਠਣ ਲਈ DC ਵੱਲੋਂ ਹਦਾਇਤਾਂ ਜਾਰੀ, ਕਿਹਾ- ''''ਬਰਸਾਤਾਂ ਤੋਂ ਪਹਿਲਾਂ ਕਰ ਲਏ ਜਾਣ ਪੁਖ਼ਤਾ ਇੰਤਜ਼ਾਮ''''

06/11/2024 8:00:19 PM

ਜਲੰਧਰ : ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਅਜਿਹੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਬਰਸਾਤ ਤੋਂ ਪਹਿਲਾਂ-ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਮਾਰਚ ਮਹੀਨੇ ਹੋਈ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨੂੰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਸੌਂਪੇ ਗਏ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਸਮੁੱਚੇ ਪ੍ਰਬੰਧ ਬਰਸਾਤ ਤੋਂ ਪਹਿਲਾਂ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਗਾਊਂ ਤਿਆਰੀ ਸਦਕਾ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ।

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੁਸਤੈਦ ਰਹਿਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ- ਪੰਜਾਬ ’ਚ ‘ਰਾਮੂਵਾਲੀਆ’ ਤੋਂ ਬਾਅਦ ਰਵਨੀਤ ਬਿੱਟੂ ਬਿਨਾਂ ਜਿੱਤੇ ਬਣੇ ਕੇਂਦਰੀ ਮੰਤਰੀ, ਸਾਂਭਣਗੇ ਇਹ ਮੰਤਰਾਲਾ

ਅਧਿਕਾਰੀਆਂ ਨੂੰ ਸੌਂਪੀ ਗਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ/ਕਾਰਜਾਂ ਵਿੱਚ ਜੇਕਰ ਕਿਸੇ ਵਿਭਾਗ ਦੀ ਊਣਤਾਈ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। 

PunjabKesari
 
ਡਾ. ਅਗਰਵਾਲ ਨੇ ਕਿਹਾ ਕਿ ਬਾਰਿਸ਼ਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਸ਼ਹਿਰਾਂ/ਪਿੰਡਾਂ ਦੇ ਡਰੇਨੇਜ਼, ਨਾਲਿਆਂ ਦੀ ਸਫਾਈ ਦੇ ਨਾਲ-ਨਾਲ ਸੀਵਰੇਜ ਦੀ ਸਫਾਈ ਵੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਇਲਾਕੇ ਵਿੱਚ ਪਾਣੀ ਰੁਕਣਾ/ਭਰਨਾ ਨਹੀਂ ਚਾਹੀਦਾ, ਜਿਸ ਦੇ ਲਈ ਲੋੜੀਂਦੇ ਪ੍ਰਬੰਧ ਹੁਣ ਤੋਂ ਹੀ ਅਮਲ ਵਿੱਚ ਲਿਆਂਦੇ ਜਾਣ। ਉਨ੍ਹਾਂ ਟੁੱਟੀਆਂ ਪੁਲੀਆਂ ਦੀ ਮੁਰੰਮਤ, ਪਾਣੀ ਦੀ ਨਿਕਾਸੀ, ਨਾਜ਼ੁਕ ਥਾਵਾਂ ਦੇ ਮਜ਼ਬੂਤੀਕਰਨ, ਰੇਤ ਦੀਆਂ ਬੋਰੀਆਂ ਸਮੇਤ ਹੜ੍ਹਾਂ ਤੋਂ ਬਚਾਅ ਸਬੰਧੀ ਹੋਰ ਕੰਮਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ਼ ਜੈਕਟਾਂ, ਵਾਇਰਲੈੱਸ ਸੈਟ, ਰੱਸੇ, ਕਿਸ਼ਤੀਆਂ ਅਤੇ ਹੋਰ ਸਮਾਨ ਦੀ ਅਗੇਤੇ ਤੌਰ ’ਤੇ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਾਮਾਨ ਦੀ ਮੁਰੰਮਤ ਜਾਂ ਨਵਾਂ ਖ਼ਰੀਦਣ ਦੀ ਜ਼ਰੂਰਤ ਹੈ ਤਾਂ ਤੁਰੰਤ ਕੀਤੀ ਜਾਵੇ।

ਇਹ ਵੀ ਪੜ੍ਹੋ- ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਪਹਿਲਾਂ ਹੀ ਸਥਾਪਤ ਕਰਕੇ ਸਟਾਫ਼ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਤਹਿਸੀਲ ਪੱਧਰ ’ਤੇ ਵੀ ਜਲਦ ਤੋਂ ਜਲਦ ਹੜ੍ਹ ਕੰਟਰੋਲ ਰੂਮ ਸਥਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਭਾਖੜਾ-ਬਿਆਸ ਮੈਨੇਜਮੈਂਟ ਨਾਲ ਪੂਰਾ ਤਾਲਮੇਲ ਰੱਖਣ ਲਈ ਕਿਹਾ ਤਾਂ ਜੋ ਪਾਣੀ ਦੇ ਪੱਧਰ ਬਾਰੇ ਪਲ-ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਸੰਭਾਵੀ ਬਾਰਿਸ਼ ਅਤੇ ਹੜ੍ਹਾਂ ਦੌਰਾਨ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਗੇਜ਼ ਰਿਪੋਰਟ ਰੋਜ਼ਾਨਾਂ ਦੇ ਆਧਾਰ ’ਤੇ ਪ੍ਰਸ਼ਾਸਨ ਨਾਲ ਸਾਂਝੀਆਂ ਕਰਨ ਲਈ ਵੀ ਕਿਹਾ।

PunjabKesari

ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ, ਰਾਸ਼ਨ ਸਪਲਾਈ, ਪੈਟਰੋਲ-ਡੀਜ਼ਲ ਸਪਲਾਈ, ਡਾਕਟਰਾਂ ਦੀਆਂ ਟੀਮਾਂ ਤੇ ਦਵਾਈਆਂ, ਪਸ਼ੂਆਂ ਲਈ ਦਵਾਈਆਂ ਤੇ ਚਾਰੇ ਦੇ ਇੰਤਜ਼ਾਮ, ਸਪਰੇਅ, ਫੋਗਿੰਗ ਮਸ਼ੀਨਾਂ, ਦੂਰ ਸੰਚਾਰ ਵਿਵਸਥਾ, ਵਾਹਨਾਂ ਦਾ ਪ੍ਰਬੰਧ, ਤੈਰਾਕ, ਕਿਸ਼ਤੀਚਾਲਕਾਂ ਅਤੇ ਗੋਤਾਖੋਰਾਂ ਦੀ ਸੂਚੀ ਆਦਿ ਸਬੰਧੀ ਕਾਰਜ ਵੀ ਸਮੇਂ ਸਿਰ ਮੁਕੰਮਲ ਕਰ ਲਏ ਜਾਣ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਉੱਚੇ ਸਥਾਨਾਂ ਦੀ ਸ਼ਨਾਖਤ ਕਰਨ ਲਈ ਵੀ ਕਿਹਾ ਤਾਂ ਜੋ ਜੇਕਰ ਹੜ੍ਹਾਂ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕਾਂ ਨੂੰ ਉਥੇ ਰਾਹਤ ਕੈਂਪਾਂ ਵਿੱਚ ਸੁਰੱਖਿਅਤ ਤਬਦੀਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਅਮਿਤ ਸ਼ਾਹ ਨੇ ਚੋਣ ਪ੍ਰਚਾਰ ਵੇਲੇ ਕਹੀ ਗੱਲ ਪੁਗਾਈ, ਬਿੱਟੂ ਨੂੰ 'ਵੱਡਾ ਆਦਮੀ' ਬਣਾ ਕੇ ਨਿਭਾਈ 'ਯਾਰੀ'

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲਖਵਿੰਦਰ ਸਿੰਘ ਰੰਧਾਵਾ, ਐੱਸ.ਡੀ.ਐੱਮ. ਬਲਬੀਰ ਰਾਜ ਸਿੰਘ, ਐੱਸ.ਡੀ.ਐੱਮ. ਅਮਨਪਾਲ ਸਿੰਘ, ਐੱਸ.ਡੀ.ਐੱਮ. ਰਿਸ਼ਭ ਬਾਂਸਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News