DC ਤੇ SSP ਨੇ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

06/18/2020 9:56:01 PM

ਮਾਨਸਾ, (ਮਨਜੀਤ)- ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਭਾਰਤ ਚੀਨ ਸੀਮਾ ਗੈਲਵਿਨ ਵੈਲੀ ਤੇ ਚੀਨੀ ਸੈਨਿਕਾਂ ਨਾਲ ਮੁੱਠਭੇੜ ਵਿਚ ਸ਼ਹੀਦ ਹੋਏ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 22 ਸਾਲਾਂ ਬਹਾਦਰ ਨੌਜਵਾਨ ਗੁਰਤੇਜ ਸਿੰਘ ਸਪੁੱਤਰ ਸ੍ਰੀ ਵਿਰਸਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਨੇ, ਉਨ੍ਹਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰਾਂ ਨਾਲ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨਾਲ ਐਸ.ਡੀ.ਐਮ. ਬੁਢਲਾਡਾ ਸ੍ਰੀ ਸਾਗਰ ਸੇਤੀਆ ਵੀ ਮੌਜੂਦ ਰਹੇ।

PunjabKesari
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਵੀ ਸ਼ਹੀਦ ਦੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਲਈ ਸ਼ਹੀਦ ਹੋਏ ਨੌਜਵਾਨ ਅਮਰ ਹੁੰਦੇ ਨੇ ਤੇ ਸਦਾ ਲੋਕ ਮਨਾਂ ਵਿਚ ਵੱਸਦੇ ਨੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ 'ਤੇ ਪਰਿਵਾਰ ਦਾ ਦੁੱਖ ਵੰਡਾਉਂਦਿਆਂ ਕਿਹਾ ਕਿ ਮਾਨਸਾ ਪੁਲਸ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿਚ ਹਰ ਸੰਭਵ ਮਦਦ ਲਈ ਉਨ੍ਹਾਂ ਦੇ ਨਾਲ ਹੈ।
ਸ਼ਹੀਦ ਗੁਰਤੇਜ ਸਿੰਘ ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਕੁਝ ਦਿਨ ਪਹਿਲਾਂ ਪਰਿਵਾਰ ਨਾਲ ਹੋਈ ਗੱਲਬਾਤ ਦੌਰਾਨ ਸ਼ਹੀਦ ਗੁਰਤੇਜ ਸਿੰਘ ਨੇ ਸਰਹੱਦ 'ਤੇ ਤਣਾਅ ਬਣਨ ਬਾਰੇ ਸੂਚਨਾ ਦਿੱਤੀ ਸੀ।


Bharat Thapa

Content Editor

Related News