ਧਰਨੇ ''ਚ ਨਿਮਿਸ਼ਾ ਤੇ ਸਾਬਕਾ ਵਿਧਾਇਕ ਦੇ ਸਮਰਥਕਾਂ ਦਰਮਿਆਨ ਵਾਰ-ਵਾਰ ਹੁੰਦੀਆਂ ਰਹੀਆਂ ਝੜਪਾਂ
Monday, Dec 16, 2019 - 06:26 PM (IST)

ਗੜ੍ਹਸ਼ੰਕਰ (ਨਿਮਿਸ਼ਾ)— ਗੜ੍ਹਸ਼ੰਕਰ ਵਿਖੇ ਪਿੰਡ ਸੇਖੋਵਾਲ 'ਚ ਬੀਤੇ ਦਿਨੀਂ ਹੋਏ ਦਵਿੰਦਰ ਸਿੰਘ ਦੇ ਕਤਲ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪੂਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਫਿਰ ਤੀਜੀ ਵਾਰ ਪਰਿਵਾਰਕ ਮੈਂਬਰਾਂ ਵੱਲੋਂ ਬੰਗਾ ਚੌਕ 'ਚ ਧਰਨਾ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਨਾਲ ਧਰਨੇ 'ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵੀ ਸ਼ਾਮਲ ਹੋਏ। ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਂਗਰਸ ਪਾਰਟੀ ਸੱਤਾ 'ਚ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਨਿਮਿਸ਼ਾ ਮਤਿਹਾ ਆਪ ਸਾਥੀਆਂ ਸਮੇਤ ਆ ਕੇ ਧਰਨੇ 'ਚ ਬੈਠੇ ਅਤੇ ਉਨ੍ਹਾਂ ਨੇ ਪੁਲਸ ਪਾਸੋਂ ਦੋਸ਼ੀਆਂ ਦੀ ਗਿਫ੍ਰਤਾਰੀ ਦੀ ਮੰਗ ਕੀਤੀ।
ਨਿਮਿਸ਼ਾ ਮਹਿਤਾ ਨੇ ਬੋਲਦੇ ਹੋਏ ਵਾਰ-ਵਾਰ ਪੁਲਸ ਦੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਲਿਆ ਅਤੇ ਪੁਲਸ ਨੂੰ ਲਾਹਣਤਾਂ ਪਾਈਆਂ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬਧੋਨ ਕਰਦੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁੰਡਾਗਰਦੀ ਤੇ ਧੱਕੇਸ਼ਾਹੀ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪ ਵੀ ਕਈ ਵਾਰ ਪੁਲਸ ਦੀ ਕਮਜ਼ੋਰ ਕਾਰਗੁਜ਼ਾਰੀ ਨੂੰ ਫਟਕਾਰਾਂ ਲਗਾ ਚੁੱਕੇ ਹਨ। ਇਸ ਦੌਰਾਨ ਧਰਨੇ 'ਚ ਨਿਮਿਸ਼ਾ ਮਹਿਤਾ ਅਤੇ ਅਕਾਲੀ ਆਗੂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਸਾਥੀਆਂ ਦਰਮਿਆਨ ਵਾਰ-ਵਾਰ ਝੜਪਾਂ ਹੁੰਦੀਆਂ ਰਹੀਆਂ।
ਇਕ ਪਾਸੇ ਜਿੱਥੇ ਨਿਮਿਸ਼ਾ ਧਰਨੇ ਨੂੰ ਸਿਆਸੀ ਰੋਟੀਆਂ ਸੇਕਣ ਦਾ ਅਖਾੜਾ ਨਾ ਬਣਾਉਣ 'ਤੇ ਜ਼ੋਰ ਦਿੰਦੀ ਰਹੀ, ਉਥੇ ਹੀ ਅਕਾਲੀ ਆਗੂ ਕਾਂਗਰਸ ਨੂੰ ਨਿਸ਼ਾਨਾ ਬਣਾਉਣ 'ਚ ਜੁਟੇ ਰਹੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਕਾਲੀ ਆਗੂ ਨੌਜਵਾਨ ਦੀ ਮੌਤ 'ਤੇ ਆਪਣੀ ਸਿਆਸੀ ਰੈਲੀ ਸਜਾ ਕੇ ਚਟਕਾਰੇ ਲੈ ਰਹੇ ਹਨ ਪਰ ਜਨਤਾ ਨੂੰ ਸਭ ਕੁਝ ਸਮਝ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਿ ਜੇਕਰ ਅਕਾਲੀਆਂ ਨੂੰ ਇਸ ਨੌਜਵਾਨ ਦੀ ਮੌਤ ਦਾ ਕੋਈ ਸੱਚਮੁੱਚ ਦਰਦ ਹੈ ਤਾਂ ਉਹ ਕਾਤਲਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਸਿਆਸੀ ਆਗੂਆਂ ਨਾਲ ਅੰਦਰ ਖਾਤੇ ਗੱਲਵੱਕੜੀਆਂ ਪਾਉਣੀਆਂ ਬੰਦ ਕਰਨ।